ਤਿੰਨ ਟੀ-20 ਮੈਚਾਂ ਦੀ ਸੀਰੀਜ਼ ਦੇ ਪਹਿਲੇ ਹੀ ਮੈਚ ‘ਚ ਇੰਡੀਆ ਨੇ ਸਾਊਥ ਅਫਰੀਕਾ ਖ਼ਿਲਾਫ਼ ਵੱਡੀ ਜਿੱਤ ਦਰਜ ਕੀਤੀ ਹੈ। ਤਿਰੂਅਨੰਤਪੁਰਮ ਦੇ ਗ੍ਰੀਨਫੀਲਡ ਇੰਟਰਨੈਸ਼ਨਲ ਸਟੇਡੀਅਮ ‘ਚ ਖੇਡੇ ਇਸ ਮੈਚ ‘ਚ ਇੰਡੀਆ 8 ਵਿਕਟਾਂ ਨਾਲ ਜੇਤੂ ਰਿਹਾ। ਇੰਡੀਆ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਅਤੇ ਸਾਊਥ ਅਫਰੀਕਾ ਨੇ ਨਿਰਧਾਰਤ 20 ਓਵਰਾਂ ‘ਚ 8 ਵਿਕਟਾਂ ਦੇ ਨੁਕਸਾਨ ‘ਤੇ 106 ਦੌੜਾਂ ਬਣਾਈਆਂ। ਇਸ ਤਰ੍ਹਾਂ ਦੱਖਣੀ ਅਫਰੀਕਾ ਨੇ ਇੰਡੀਆ ਨੂੰ ਜਿੱਤ ਲਈ 107 ਦੌੜਾਂ ਦਾ ਟੀਚਾ ਦਿੱਤਾ। ਟੀਚੇ ਦਾ ਪਿੱਛਾ ਕਰਦੇ ਹੋਏ ਇੰਡੀਆ ਨੇ 16.4 ਓਵਰਾਂ ‘ਚ ਦੋ ਵਿਕਟਾਂ ਦੇ ਨੁਕਸਾਨ ‘ਤੇ ਸੂਰਿਆ ਕੁਮਾਰ ਯਾਦਵ ਦੀਆਂ 50 ਦੌੜਾਂ ਤੇ ਕੇ.ਐੱਲ. ਰਾਹੁਲ ਦੀਆਂ 51 ਦੌੜਾਂ ਦੀ ਬਦੌਲਤ ਕੁਲ 110 ਦੌੜਾਂ ਬਣਾਈਆਂ ਅਤੇ 8 ਵਿਕਟਾਂ ਨਾਲ ਇਹ ਮੈਚ ਜਿੱਤ ਲਿਆ। ਇਸ ਕ੍ਰਿਕਟ ਮੁਕਾਬਲੇ ‘ਚ ਅਰਸ਼ਦੀਪ ਸਿੰਘ ਮੈਨ ਆਫ਼ ਦਿ ਮੈਚ ਬਣੇ ਹਨ। ਟੀਚੇ ਦਾ ਪਿੱਛਾ ਕਰਨ ਆਈ ਭਾਰਤੀ ਟੀਮ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਕਪਤਾਨ ਰੋਹਿਤ ਸ਼ਰਮਾ ਬਿਨਾ ਖਾਤਾ ਖੋਲ੍ਹੇ ਸਿਫਰ ਦੇ ਸਕੋਰ ‘ਤੇ ਰਬਾਡਾ ਵਲੋਂ ਆਊਟ ਹੋ ਗਏ। ਇੰਡੀਆ ਨੂੰ ਦੂਜਾ ਝਟਕਾ ਉਦੋਂ ਲੱਗਾ ਜਦੋਂ ਵਿਰਾਟ ਕੋਹਲੀ 3 ਦੌੜਾਂ ਦੇ ਨਿੱਜੀ ਸਕੋਰ ‘ਤੇ ਨਾਰਟਜੇ ਵਲੋਂ ਆਊਟ ਹੋ ਕੇ ਪਵੇਲੀਅਨ ਪਰਤ ਗਏ। ਇਸ ਤੋਂ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਦੱਖਣੀ ਅਫਰੀਕਾ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਉਸ ਦਾ ਕਪਤਾਨ ਟੇਂਬਾ ਬਾਵੁਮਾ ਬਿਨਾ ਖਾਤਾ ਖੋਲ੍ਹੇ ਸਿਫਰ ਦੇ ਸਕੋਰ ‘ਤੇ ਚਾਹਲ ਵਲੋਂ ਬੋਲਡ ਹੋ ਕੇ ਪਵੇਲੀਅਨ ਪਰਤ ਗਿਆ। ਦੱਖਣੀ ਅਫਰੀਕਾ ਨੂੰ ਦੂਜਾ ਝਟਕਾ ਉਦੋਂ ਲੱਗਾ ਜਦੋਂ ਉਸ ਦਾ ਸਲਾਮੀ ਬੱਲੇਬਾਜ਼ ਕੁਇੰਟਨ ਡਿ ਕਾਕ 1 ਦੌੜ ਦੇ ਨਿੱਜੀ ਸਕੋਰ ‘ਤੇ ਅਰਸ਼ਦੀਪ ਸਿੰਘ ਵਲੋਂ ਬੋਲਡ ਹੋ ਕੇ ਪਵੇਲੀਅਨ ਪਰਤ ਗਿਆ। ਸਾਊਥ ਅਫਰੀਕਾ ਦੀ ਤੀਜੀ ਵਿਕਟ ਰਿਲੀ ਦੇ ਤੌਰ ‘ਤੇ ਡਿੱਗੀ। ਰਿਲੀ ਸਿਫਰ ਦੇ ਨਿੱਜੀ ਸਕੋਰ ‘ਤੇ ਅਰਸ਼ਦੀਪ ਵਲੋਂ ਆਊਟ ਹੋਏ। ਇਸ ਤੋਂ ਬਾਅਦ ਸਾਊਥ ਅਫਰੀਕਾ ਦੀ ਚੌਥੀ ਵਿਕਟ ਡੇਵਿਡ ਮਿਲਰ ਦੇ ਤੌਰ ‘ਤੇ ਡਿੱਗੀ। ਡੇਵਿਡ ਮਿਲਰ ਵੀ ਬਿਨਾ ਸਕੋਰ ਬਣਾਏ ਅਰਸ਼ਦੀਪ ਸਿੰਘ ਵਲੋਂ ਬੋਲਡ ਕੇ ਪਵੇਲੀਅਨ ਪਰਤ ਗਿਆ।