ਭਾਰਤੀ ਜਨਤਾ ਪਾਰਟੀ ਨਾਲ ਜੁੜੇ ਹੋਣ ਦੇ ਬਾਵਜੂਦ ਅਕਸਰ ਕਿਸਾਨਾਂ ਦੇ ਹੱਕ ‘ਚ ਬੋਲਣ ਵਾਲੇ ਮੇਘਾਲਿਆ ਦੇ ਰਾਜਪਾਲ ਸੱਤਿਆਪਾਲ ਮਲਿਕ ਦਾ ਰਾਜਪਾਲ ਵਜੋਂ ਕਾਰਜਕਾਲ ਖ਼ਤਮ ਹੋ ਗਿਆ ਹੈ। ਇਸ ਸਮੇਂ ਉਨ੍ਹਾਂ ਸਪੱਸ਼ਟ ਕੀਤਾ ਕਿ ਸੇਵਾਮੁਕਤੀ ਮਗਰੋਂ ਉਹ ਨਾ ਤਾਂ ਕਿਸੇ ਸਿਆਸੀ ਪਾਰਟੀ ‘ਚ ਸ਼ਾਮਲ ਹੋਣਗੇ ਅਤੇ ਨਾ ਹੀ ਚੋਣ ਲੜਨਗੇ। ਪਹਿਲਾਂ ਇਹ ਕਿਆਸ ਲਾਏ ਜਾ ਰਹੇ ਸਨ ਕਿ ਮਲਿਕ ਰਾਸ਼ਟਰੀ ਲੋਕ ਦਲ ‘ਚ ਸ਼ਾਮਲ ਹੋ ਸਕਦੇ ਹਨ ਪਰ ਉਨ੍ਹਾਂ ਨੇ ਇਨ੍ਹਾਂ ਅਟਕਲਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ। ਮਲਿਕ ਨੇ ਕਿਹਾ, ‘ਸੇਵਾਮੁਕਤੀ ਤੋਂ ਬਾਅਦ ਮੇਰੀ ਅਜੇ ਕੋਈ ਯੋਜਨਾ ਨਹੀਂ ਹੈ। ਮੈਂ ਸਿਰਫ ਕਿਸਾਨਾਂ ਨਾਲ ਸਬੰਧਤ ਗਤੀਵਿਧੀਆਂ ‘ਚ ਹਿੱਸਾ ਲਵਾਂਗਾ। ਨਾ ਤਾਂ ਮੈਂ ਕਿਸੇ ਪਾਰਟੀ ‘ਚ ਸ਼ਾਮਲ ਹੋਵਾਂਗਾ ਤੇ ਨਾ ਹੀ ਕੋਈ ਚੋਣ ਲੜਾਂਗਾ।’ ਜ਼ਿਕਰਯੋਗ ਹੈ ਕਿ ਤਿੰਨ ਅਕਤੂਬਰ ਨੂੰ ਸ਼ਾਮਲੀ ‘ਚ ਹੋਣ ਵਾਲੇ ਇਕ ਕਿਸਾਨ ਸੰਮੇਲਨ ‘ਚ ਉਨ੍ਹਾਂ ਵੱਲੋਂ ਰਾਸ਼ਟਰੀ ਲੋਕ ਦਲ ਦੇ ਮੁਖੀ ਜੈਯੰਤ ਚੌਧਰੀ ਨਾਲ ਮੰਚ ਸਾਂਝਾ ਕੀਤੇ ਜਾਣ ਦੀ ਚਰਚਾ ਸੀ। ਇਸ ਬਾਰੇ ਉਨ੍ਹਾਂ ਸਪੱਸ਼ਟ ਕੀਤਾ, ‘ਇਹ ਕਿਸਾਨਾਂ ਦੇ ਹਿੱਤਾਂ ਲਈ ਬੁਲਾਈ ਗਈ ਗੈਰ-ਸਿਆਸੀ ਮੀਟਿੰਗ ਸੀ, ਜੋ ਉਥੇ ਧਾਰਾ 144 ਲਾਗੂ ਹੋਣ ਕਾਰਨ ਫਿਲਹਾਲ ਰੱਦ ਕਰ ਦਿੱਤੀ ਗਈ ਹੈ।’