ਅਮਰੀਕਾ ਦੇ ਨਿਊਯਾਰਕ ਦੀ ਬ੍ਰੌਂਕਸ ਸਟਰੀਟ ‘ਚ ਰਾਤ 11 ਵਜੇ ਬਹਿਸ ਦੌਰਾਨ 15 ਸਾਲਾ ਵਿਦਿਆਰਥੀ ਨੂੰ ਗੋਲੀ ਮਾਰ ਦਿੱਤੀ ਗਈ। ਜ਼ਖਮੀ ਮੁੰਡੇ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ। ਨਿਊਯਾਰਕ ਸਿਟੀ ਪੁਲੀਸ ਦੋ ਸ਼ੱਕੀਆਂ ਦੀ ਭਾਲ ਕਰ ਰਹੀ ਹੈ। ਥਾਂ-ਥਾਂ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਤਰ੍ਹਾਂ ਸ਼ਰੇਆਮ ਵਾਪਰ ਰਹੀਆਂ ਗੋਲੀਬਾਰੀ ਦੀਆਂ ਘਟਨਾਵਾਂ ਨੇ ਅਮਰੀਕਨ ਪੁਲੀਸ ਦੀ ਕਾਰਜਸ਼ੈਲੀ ‘ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਮੀਡੀਆ ਆਉਟਲੈਟ ਨੇ ਰਿਪੋਰਟ ਦਿੱਤੀ ਕਿ ਨੌਜਵਾਨ ਦਾ ਦੋ ਸ਼ੱਕੀਆਂ ਨਾਲ ‘ਮੌਖਿਕ ਵਿਵਾਦ’ ਹੋ ਗਿਆ ਅਤੇ ਉਨ੍ਹਾਂ ਵਿੱਚੋਂ ਇਕ ਨੇ ਗੋਲੀ ਚਲਾ ਦਿੱਤੀ। ਦੋਵੇਂ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ। ਅਮਰੀਕਾ ‘ਚ ਅੱਜਕਲ੍ਹ ਗੋਲੀਬਾਰੀ ਦੀਆਂ ਘਟਨਾਵਾਂ ਆਮ ਹੋ ਗਈਆਂ ਹਨ। ਸਤੰਬਰ ਦੇ ਸ਼ੁਰੂ ‘ਚ ਉੱਤਰੀ ਕੈਰੋਲੀਨਾ ਦੇ ਇਕ ਹਾਈ ਸਕੂਲ ‘ਚ ਇਕ ਵਿਦਿਆਰਥੀ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਅਤੇ ਇਕ ਹੋਰ ਜ਼ਖ਼ਮੀ ਹੋ ਗਿਆ ਸੀ। ਇਸ ਤੋਂ ਪਹਿਲਾਂ ਇਕ 15 ਸਾਲਾ ਨੌਜਵਾਨ ਨੂੰ ਵਾਸ਼ਿੰਗਟਨ ‘ਚ ਕਥਿਤ ਤੌਰ ‘ਤੇ ਦੋ ਸਾਥੀ ਵਿਦਿਆਰਥੀਆਂ ਨੂੰ ਗੋਲੀ ਮਾਰਨ ਅਤੇ ਜ਼ਖਮੀ ਕਰਨ ਦੇ ਦੋਸ਼ ‘ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਡੇਟ੍ਰੋਇਟ ‘ਚ ਪਿਛਲੇ ਹਫ਼ਤੇ ਦੇ ਅੰਤ ‘ਚ ਇਕ 19 ਸਾਲਾ ਵਿਅਕਤੀ ‘ਤੇ ਗੋਲੀਬਾਰੀ ਦੀ ਇਕ ਲੜੀ ‘ਚ ਕਤਲ ਕਰਨ ਦਾ ਦੋਸ਼ ਲਗਾਇਆ ਗਿਆ ਸੀ, ਜਿਸ ‘ਚ ਲਗਭਗ ਦੋ ਘੰਟਿਆਂ ‘ਚ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ। ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਕਿਹਾ ਕਿ ਉਹ ਦੇਸ਼ ‘ਚ ਵਧਦੀ ਹਿੰਸਾ ਦੇ ਵਿਚਕਾਰ ਅਮਰੀਕਾ ‘ਚ ਹਥਿਆਰਾਂ ‘ਤੇ ਪਾਬੰਦੀ ਲਗਾਉਣ ਲਈ ਦ੍ਰਿੜ੍ਹ ਹਨ।