ਕਾਂਗਰਸ ਤੇ ਅਕਾਲੀ ਸਰਕਾਰਾਂ ਸਮੇਂ ਸ਼ੁਰੂ ਹੋਏ ਵਰਤਾਰੇ ‘ਚ ਸੱਤਾ ਤਬਦੀਲੀ ਮਗਰੋਂ ਵੀ ਕੋਈ ਤਬਦੀਲੀ ਆਈ ਨਜ਼ਰ ਨਹੀਂ ਆ ਰਹੀ। ਰਵਾਇਤੀ ਪਾਰਟੀਆਂ ਦੀਆਂ ਸਰਕਾਰਾਂ ਸਮੇਂ ਜਿਵੇਂ ਸੰਸਥਾਵਾਂ ‘ਤੇ ਕਬਜ਼ੇ ਲਈ ਲੜਾਈਆਂ ਹੁੰਦੀਆਂ ਰਹੀਆਂ ਉਹ ਹੁਣ ‘ਬਦਲਾਅ’ ਦੇ ਨਾਅਰੇ ਨਾਲ ਸੱਤਾ ‘ਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਵੇਲੇ ਵੀ ਜਾਰੀ ਹਨ। ਤਾਜ਼ਾ ਘਟਨਾ ਬੁਢਲਾਡਾ ਦੀ ਹੈ ਜਿਥੇ ਵਿਰੋਧੀ ਧਿਰ ਵੱਲੋਂ ਯੂਨੀਅਨ ‘ਚ ਪਹੁੰਚ ਕੇ ਮੌਜੂਦਾ ਪ੍ਰਧਾਨ ਅਤੇ ਉਸਦੇ ਸਾਥੀਆਂ ‘ਤੇ ਫਾਇਰਿੰਗ ਕਰਨ ਤੋਂ ਬਾਅਦ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ। ਇਸ ‘ਚ ਯੂਨੀਅਨ ਦੇ ਸਾਬਕਾ ਪ੍ਰਧਾਨ ਸਮੇਤ ਅੱਧੀ ਦਰਜਨ ਦੇ ਕਰੀਬ ਵਿਅਕਤੀ ਜ਼ਖ਼ਮੀ ਹੋ ਗਏ ਹਨ। ਇਸ ਦੀ ਸੂਚਨਾ ਮਿਲਣ ‘ਤੇ ਡੀ.ਐੱਸ.ਪੀ. ਬੁਢਲਾਡਾ ਦੀ ਅਗਵਾਈ ‘ਚ ਮੌਕੇ ‘ਤੇ ਪਹੁੰਚੀ ਪੁਲੀਸ ਟੀਮ ਵੱਲੋਂ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਟਰੱਕ ਯੂਨੀਅਨ ਦੇ ਮੌਜੂਦਾ ਪ੍ਰਧਾਨ ਰਾਮਇੰਦਰ ਸਿੰਘ ਨੇ ਦੱਸਿਆ ਕਿ ਉਸਨੂੰ ਆਮ ਆਦਮੀ ਪਾਰਟੀ ਵੱਲੋਂ ਬੀਤੇ ਕੱਲ੍ਹ ਹੀ ਸਰਬ ਸੰਮਤੀ ਨਾਲ ਪ੍ਰਧਾਨ ਬਣਾਇਆ ਗਿਆ ਸੀ। ਸ਼ਾਮ ਪੈਣ ‘ਤੇ ਵਿਰੋਧੀਆਂ ਨੇ ਉਸਨੂੰ ਮਾਰਨ ਦੀਆਂ ਧਮਕੀਆਂ ਸ਼ੁਰੂ ਕਰ ਦਿੱਤੀਆਂ। ਉਨ੍ਹਾਂ ਦੱਸਿਆ ਕਿ ਅੱਜ ਵਿਰੋਧੀ ਧਿਰ ਵੱਲੋਂ ਟਰੱਕ ਯੂਨੀਅਨ ‘ਚ ਪਹੁੰਚ ਕੇ ਪਹਿਲਾਂ ਫਾਇਰਿੰਗ ਕੀਤੀ ਗਈ ਅਤੇ ਫਿਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਜਿਸ ‘ਚ ਕਈ ਵਿਅਕਤੀ ਜ਼ਖ਼ਮੀ ਹੋ ਗਏ। ਪੁਲੀਸ ਨੇ ਕੁਝ ਸ਼ੱਕੀਆਂ ਨੂੰ ਹਿਰਾਸਤ ‘ਚ ਲੈਣ ਮਗਰੋਂ ਜਾਂਚ ਆਰੰਭ ਦਿੱਤੀ ਹੈ।