ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਲਗਾਤਾਰ ਪੁਲੀਸ ਦੀ ਕਾਰਗੁਜ਼ਾਰੀ ‘ਤੇ ਉਂਗਲ ਚੁੱਕ ਰਹੇ ਮਰਹੂਮ ਗਾਇਕ ਦੇ ਮਾਪਿਆਂ ਬਲਕੌਰ ਸਿੰਘ ਤੇ ਚਰਨ ਕੌਰ ਨੇ ਗੈਂਸਗਟਰ ਦੀਪਕ ਟੀਨੂ ਦੇ ਫਰਾਰ ਹੋਣ ਮਗਰੋਂ ਇਕ ਵਾਰ ਫਿਰ ਮਾਨਸਾ ਪੁਲੀਸ ਦੀ ਕਾਰਗੁਜ਼ਾਰੀ ‘ਤੇ ਉਂਗਲ ਚੁੱਕੀ ਹੈ। ਉਨ੍ਹਾਂ ਮਾਨਸਾ ਪੁਲੀਸ ਦੀ ਭੂਮਿਕਾ ਨੂੰ ਸ਼ੱਕੀ ਦੱਸਦਿਆਂ ਸਿੱਧੂ ਮੂਸੇਵਾਲਾ ਕਤਲ ਕਾਂਡ ਦਾ ਕੇਸ ਕਿਸੇ ਹੋਰ ਜ਼ਿਲ੍ਹੇ ਦੀ ਪੁਲੀਸ ਨੂੰ ਦੇਣ ਦੀ ਗੱਲ ਆਖੀ ਹੈ। ਉਨ੍ਹਾਂ ਸਪੱਸ਼ਟ ਕਿਹਾ ਹੈ ਕਿ ਉਨ੍ਹਾਂ ਨੂੰ ਹੁਣ ਮਾਨਸਾ ਪੁਲੀਸ ‘ਤੇ ਭੋਰਾ ਵੀ ਯਕੀਨ ਨਹੀਂ ਹੈ। ਪਿੰਡ ਮੂਸਾ ‘ਚ ਮੀਡੀਆ ਨਾਲ ਗੱਲਬਾਤ ਕਰਦਿਆਂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਅਤੇ ਮਾਤਾ ਚਰਨ ਕੌਰ ਨੇ ਕਿਹਾ ਕਿ ਮਾਨਸਾ ਪੁਲੀਸ ਗੈਂਗਸਟਰਾਂ ਦੀ ਆਓ-ਭਗਤ ਕਰਦੀ ਹੈ ਅਤੇ ਅੰਦਰਖਾਤੇ ਉਨ੍ਹਾਂ ਨਾਲ ਮਿਲੀ ਹੋਈ ਹੈ। ਉਨ੍ਹਾਂ ਕਿਹਾ ਕਿ ਹੁਣ ਪੁਲੀਸ ‘ਤੇ ਉਨ੍ਹਾਂ ਦਾ ਸ਼ੱਕ ਦੀਪਕ ਟੀਨੂ ਦੇ ਅਸਾਨੀ ਨਾਲ ਫਰਾਰ ਹੋਣ ਤੋਂ ਬਾਅਦ ਯਕੀਨ ‘ਚ ਬਦਲ ਗਿਆ ਹੈ। ਸੀ.ਆਈ.ਏ. ਦੇ ਇੰਚਾਰਜ ਦੇ ਚਿਹਰੇ ਦੀ ਬੇਫ਼ਿਕਰੀ ਕਈ ਸਵਾਲ ਖੜ੍ਹੇ ਕਰਦੀ ਹੈ। ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ‘ਚ ਨਾਮਜ਼ਦ ਗੈਂਗਸਟਰ ਦੀਪਕ ਟੀਨੂ ਦੇ ਪੁਲੀਸ ਹਿਰਾਸਤ ‘ਚੋਂ ਫ਼ਰਾਰ ਹੋਣ ਦੇ ਮਾਮਲੇ ਦੀਆਂ ਤੀਜੇ ਦਿਨ ਹੋਰ ਪਰਤਾਂ ਖੁੱਲ੍ਹਣ ਲੱਗੀਆਂ ਹਨ। ਪੁਲੀਸ ਦੇ ਸ਼ੱਕ ਦੀ ਸੂਈ ਸੀ.ਆਈ.ਏ. ਦੇ ਬਰਖਾਸਤ ਇੰਚਾਰਜ ‘ਤੇ ਘੁੰਮਣ ਲੱਗੀ ਹੈ। ਸੀ.ਆਈ.ਏ. ਇੰਚਾਰਜ ਵੱਲੋਂ ਉਸ ਨੂੰ ਆਪਣੀ ਕੋਠੀ ਦੇ ਇਕ ਕਮਰੇ ‘ਚ ਇਕੱਲਾ ਕਿਉਂ ਛੱਡਿਆ ਗਿਆ। ਇਸ ਗੱਲ ਦੀ ਚਰਚਾ ਸਬੰਧੀ ਅਜੇ ਤੱਕ ਪੁਲੀਸ ਵੱਲੋਂ ਮੂੰਹ ਨਹੀਂ ਖੋਲ੍ਹਿਆ ਗਿਆ ਕਿ ਉਸ ਨਾਲ ਕਮਰੇ ‘ਚ ਕੋਈ ਲੜਕੀ ਸੀ ਅਤੇ ਉਸ ਨੂੰ ਉਚ ਅਧਿਕਾਰੀਆਂ ਦੀਆਂ ਕੋਠੀਆਂ ਵਿਚਕਾਰ ਬਣੀ ਇਸ ਕੋਠੀ ‘ਚ ਅੱਧੀ ਰਾਤ ਨੂੰ ਕੌਣ ਛੱਡ ਕੇ ਗਿਆ। ਲੋਕਾਂ ਵੱਲੋਂ ਇਹ ਵੀ ਸਵਾਲ ਕੀਤਾ ਜਾ ਰਿਹਾ ਹੈ ਕਿ ਸੀ.ਆਈ.ਏ. ਇੰਚਾਰਜ ਦੀ ਕੋਠੀ ਨੂੰ ਅਜੇ ਤੱਕ ਸੀਲ ਕਿਉਂ ਨਹੀਂ ਕੀਤਾ ਗਿਆ। ਇਹ ਕੋਠੀ ਐੱਸ.ਐੱਸ.ਪੀ. ਮਾਨਸਾ ਦੀ ਕੋਠੀ ਦੇ 100 ਗਜ਼ ਘੇਰੇ ‘ਚ ਦੱਸੀ ਜਾਂਦੀ ਹੈ। ਇਸ ਤਰ੍ਹਾਂ ਪੁਲੀਸ ‘ਤੇ ਜਿੱਥੇ ਦਬਾਅ ਹੋਰ ਵਧ ਗਿਆ ਹੈ, ਉਥੇ ਪੰਜਾਬ ਪੁਲੀਸ ਦੀ ਸਾਖ ਵੀ ਦਾਅ ‘ਤੇ ਲੱਗ ਗਈ ਹੈ।