ਪਿਛਲੇ 15 ਸਾਲ ਤੋਂ ਅਮਰੀਕਾ ‘ਚ ਰਹਿ ਕੇ ਟਰਾਂਸਪੋਰਟ ਦਾ ਕੰਮ ਕਰਦੇ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਟਾਂਡਾ ਨੇੜਲੇ ਹਰਸੀ ਪਿੰਡ ਨਾਲ ਸਬੰਧਤ ਪਰਿਵਾਰ ਦੇ 4 ਜੀਆਂ ਨੂੰ ਅਗਵਾ ਕੀਤੇ ਜਾਣ ਤੋਂ ਕਈ ਘੰਟੇ ਬਾਅਦ ਵੀ ਉਨ੍ਹਾਂ ਦੀ ਕੋਈ ਉੱਘ-ਸੁੱਘ ਨਹੀਂ ਮਿਲੀ ਹੈ। ਇਸ ਨਾਲ ਹਾਲੇ 29 ਸਤੰਬਰ ਨੂੰ ਅਮਰੀਕਾ ਤੋਂ ਪਰਤੇ ਅਗਵਾ ਹੋਏ ਮੁੰਡਿਆਂ ਦੇ ਪਿਤਾ ਡਾ. ਰਣਧੀਰ ਸਿੰਘ ਤੇ ਮਾਤਾ ਕਿਰਪਾਲ ਕੌਰ ਬੇਹੱਦ ਫ਼ਿਕਰਮੰਦ ਹਨ। ਸਿਹਤ ਵਿਭਾਗ ਤੋਂ ਸੇਵਾਮੁਕਤ ਡਾ. ਰਣਧੀਰ ਸਿੰਘ ਤੇ ਸਿੱਖਿਆ ਵਿਭਾਗ ‘ਚੋਂ ਸੇਵਾਮੁਕਤ ਕਿਰਪਾਲ ਕੌਰ ਮੁਤਾਬਕ ਅਗਵਾ ਹੋਏ ਦੋਵੇਂ ਮੁੰਡੇ ਉਨ੍ਹਾਂ ਦੇ ਪੁੱਤ ਹਨ ਜੋ ਦੋਵੇਂ ਨੂੰਹਾਂ ਅਤੇ 3 ਬੱਚਿਆਂ ਨਾਲ ਇਕੋ ਘਰ ‘ਚ ਇਕੱਠੇ ਰਹਿੰਦੇ ਹਨ। ਮੁੰਡਿਆਂ ਦੇ ਨਾਲ ਨੂੰਹ ਤੇ 8 ਮਹੀਨੇ ਦੀ ਪੋਤੀ ਵੀ ਅਗਵਾ ਕੀਤੀ ਗਈ ਹੈ। ਇਸ ਮਾਮਲੇ ਵਿੱਚ ‘ਮਸ਼ਕੂਕ’ ਮੰਨੇ ਜਾਂਦੇ 48 ਸਾਲਾ ਵਿਅਕਤੀ ਨੂੰ ਹਿਰਾਸਤ ‘ਚ ਲੈ ਲਿਆ ਗਿਆ ਹੈ ਤੇ ਉਸ ਦੀ ਹਾਲਤ ਗੰਭੀਰ ਹੈ। ਅਧਿਕਾਰੀਆਂ ਨੇ ਦੱਸਿਆ ਕਿ ਪੀੜਤ ਅਜੇ ਵੀ ਲਾਪਤਾ ਹਨ। ਪੰਜਾਬ ਦੇ ਹੁਸ਼ਿਆਰਪੁਰ ਦੇ ਹਰਸੀ ਪਿੰਡ ਦੇ ਰਹਿਣ ਵਾਲੇ ਇਸ ਪਰਿਵਾਰ ਨੂੰ ਸੋਮਵਾਰ ਨੂੰ ਮਰਸਡ ਕਾਊਂਟੀ ‘ਚ ਅਗਵਾ ਕਰ ਲਿਆ ਗਿਆ ਸੀ। ਪਰਿਵਾਰਕ ਮੈਂਬਰਾਂ ਦੀ ਪਛਾਣ ਅੱਠ ਮਹੀਨੇ ਦੀ ਅਰੂਹੀ ਢੇਰੀ, ਉਸ ਦੀ ਮਾਂ ਜਸਲੀਨ ਕੌਰ (27), ਪਿਤਾ ਜਸਦੀਪ ਸਿੰਘ (36) ਅਤੇ ਤਾਇਆ 39 ਸਾਲਾ ਅਮਨਦੀਪ ਸਿੰਘ ਵਜੋਂ ਹੋਈ ਹੈ। ਸੋਮਵਾਰ ਦੇਰ ਰਾਤ ਪਰਿਵਾਰ ਦੀ ਗੱਡੀ ਸੜੀ ਹਾਲਤ ‘ਚ ਮਿਲੀ ਜਿਸ ਦੇ ਆਧਾਰ ‘ਤੇ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਨੇ ਤੈਅ ਕੀਤਾ ਕਿ ਚਾਰਾਂ ਨੂੰ ਅਗਵਾ ਕੀਤਾ ਗਿਆ ਸੀ। ਖੁਫੀਆ ਅਧਿਕਾਰੀਆਂ ਨੂੰ ਮੰਗਲਵਾਰ ਸਵੇਰੇ ਸੂਚਨਾ ਮਿਲੀ ਕਿ ਮਰਸਡ ਕਾਊਂਟੀ ‘ਚ ਏ.ਟੀ.ਐੱਮ. ‘ਚ ਇਕ ਪੀੜਤ ਦੇ ਬੈਂਕ ਕਾਰਡ ਦੀ ਵਰਤੋਂ ਕੀਤੀ ਗਈ ਸੀ। ਜਾਂਚਕਰਤਾਵਾਂ ਨੇ ਬੈਂਕ ਲੈਣ-ਦੇਣ ਕਰਨ ਵਾਲੇ ਵਿਅਕਤੀ ਦੀ ਫੋਟੋ ਪ੍ਰਾਪਤ ਕੀਤੀ ਜੋ ਅਗਵਾ ਵਾਲੀ ਥਾਂ ਤੋਂ ਤਸਵੀਰ ‘ਚ ਮੌਜੂਦ ਵਿਅਕਤੀ ਨਾਲ ਮਿਲਦੀ-ਜੁਲਦੀ ਦਿਖਾਈ ਦਿੰਦੀ ਹੈ। ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੇ ਪਹੁੰਚਣ ਤੋਂ ਪਹਿਲਾਂ ਸ਼ੱਕੀ ਵਿਅਕਤੀ ਜੀਸਸ ਮੈਨੁਅਲ ਸਲਗਾਡੋ ਨੇ ਆਪਣੀ ਜਾਨ ਲੈਣ ਦੀ ਕੋਸ਼ਿਸ਼ ਕੀਤੀ ਅਤੇ ਇਸ ਸਮੇਂ ਪੁਲੀਸ ਹਿਰਾਸਤ ‘ਚ ਉਸ ਦੀ ਹਾਲਤ ਗੰਭੀਰ ਹੈ। ਉਸ ਦਾ ਇਲਾਜ ਕੀਤਾ ਜਾ ਰਿਹਾ ਹੈ।