ਦਿੱਲੀ ਦੀ ਕੇਜਰੀਵਾਲ ਸਰਕਾਰ ਦੀ ਵਿਵਾਦਤ ਆਬਕਾਰੀ ਨੀਤੀ ਦੇ ਮਾਮਲੇ ‘ਚ ਐਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਅੱਜ ਦੇਸ਼ ‘ਚ 35 ਥਾਵਾਂ ‘ਤੇ ਛਾਪੇਮਾਰੀ ਕੀਤੀ ਜਿਸ ‘ਚ ਪੰਜਾਬ ਦੇ ਕੁਝ ਜ਼ਿਲ੍ਹੇ ਵੀ ਸ਼ਾਮਲ ਹਨ। ਭਾਵੇਂ ਆਮ ਆਦਮੀ ਪਾਰਟੀ ਸਰਕਾਰ ਨੇ ਇਹ ਨੀਤੀ ਵਾਪਸ ਲੈ ਲਈ ਹੈ ਪਰ ਈ.ਡੀ. ਇਸ ਮਾਮਲੇ ‘ਚ ਪਿੱਛਾ ਛੱਡਦੀ ਨਜ਼ਰ ਨਹੀਂ ਆ ਰਹੀ। ਈ.ਡੀ. ਅਧਿਕਾਰੀਆਂ ਨੇ ਅੱਜ ਫਰੀਦਕੋਟ, ਲੁਧਿਆਣਾ ਅਤੇ ਚੰਡੀਗੜ੍ਹ ‘ਚ ਸ਼ਰਾਬ ਦੇ ਕਾਰੋਬਾਰੀ ਦੀਪ ਮਲਹੋਤਰਾ, ਜੋ ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿਧਾਇਕ ਵੀ ਰਹਿ ਚੁੱਕੇ ਹਨ, ਦੇ ਟਿਕਾਣਿਆਂ ‘ਤੇ ਛਾਪੇ ਮਾਰੇ। ਦੀਪ ਮਲਹੋਤਰਾ ਦੀ ਕੰਪਨੀ ਨੇ ਦਿੱਲੀ ‘ਚ ਕਈ ਸ਼ਰਾਬ ਦੇ ਠੇਕਿਆਂ ਲਈ ਬੋਲੀ ਲਗਾਈ ਸੀ ਅਤੇ ਉਹ ਚਲਾ ਰਹੀ ਸੀ। ਇਹ ਛਾਪੇ ਕਥਿਤ ਮਨੀ ਲਾਂਡਰਿੰਗ ਮਾਮਲੇ ‘ਚ ਮਾਰੇ ਜਾ ਰਹੇ ਹਨ। ਦਿੱਲੀ ਸਰਕਾਰ ਨੇ ਹੁਣ ਇਹ ਨੀਤੀ ਵਾਪਸ ਲੈ ਲਈ ਹੈ। ਸੂਤਰਾਂ ਨੇ ਦੱਸਿਆ ਕਿ ਈ.ਡੀ. ਦੇ ਅਧਿਕਾਰੀ ਦਿੱਲੀ, ਪੰਜਾਬ ਅਤੇ ਹੈਦਰਾਬਾਦ ‘ਚ 35 ਥਾਵਾਂ ‘ਤੇ ਛਾਪੇਮਾਰੀ ਕਰ ਰਹੇ ਹਨ। ਸਾਬਕਾ ਵਿਧਾਇਕ ਤੇ ਸ਼ਰਾਬ ਕਾਰੋਬਾਰੀ ਦੀਪ ਮਲਹੋਤਰਾ ਨਾਲ ਇਨ੍ਹਾਂ ਛਾਪਿਆਂ ਬਾਰੇ ਗੱਲ ਨਹੀਂ ਹੋ ਸਕੀ ਪਰ ਟਿਕਾਣਿਆਂ ‘ਤੇ ਮੌਜੂਦ ਉਨ੍ਹਾਂ ਦੇ ਨਜ਼ਦੀਕੀਆਂ ਨੇ ਈ.ਡੀ. ਵੱਲੋਂ ਛਾਪੇਮਾਰੀ ਦੀ ਪੁਸ਼ਟੀ ਕੀਤੀ। ਦੱਸਿਆ ਜਾ ਰਿਹਾ ਹੈ ਕਿ ਪਿਛਲੇ ਕਾਫੀ ਸਮੇਂ ਤੋਂ ਮਲਹੋਤਰਾ ਦਾ ਕੋਈ ਪਰਿਵਾਰਕ ਮੈਂਬਰ ਫਰੀਦਕੋਟ ਸਥਿਤ ਰਿਹਾਇਸ਼ ‘ਤੇ ਨਹੀਂ ਆਇਆ। ਇਹ ਘਰ ਕਾਫੀ ਸਮੇਂ ਤੋਂ ਬੰਦ ਪਿਆ ਹੈ। ਚੱਲ ਰਹੀ ਜਾਂਚ ਦੇ ਮੱਦੇਨਜ਼ਰ ਟੀਮ ਮੈਂਬਰਾਂ ਵੱਲੋਂ ਘਰ ਦਾ ਮੁੱਖ ਦਰਵਾਜ਼ਾ ਬੰਦ ਰੱਖਿਆ। ਇਸ ਦੇ ਨਾਲ ਹੀ ਕਿਸੇ ਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ। ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਾ ਹੈ ਕਿ ਇਹ ਜਾਂਚ ਇਕ ਮਹਿਲਾ ਅਧਿਕਾਰੀ ਦੀ ਨਿਗਰਾਨੀ ਹੇਠ ਚੱਲ ਰਹੀ ਹੈ। ਉਕਤ ਜਾਂਚ ਨੂੰ ਦਿੱਲੀ ਸਰਕਾਰ ਦੇ ਸ਼ਰਾਬ ਘੁਟਾਲੇ ਨਾਲ ਜੋੜਿਆ ਜਾ ਰਿਹਾ ਹੈ। ਈ.ਡੀ. ਦੇ ਅਧਿਕਾਰੀਆਂ ਨੇ ਵੀ ਜਾਂਚ ਬਾਰੇ ਕੁਝ ਨਹੀਂ ਦੱਸਿਆ। ਸਾਬਕਾ ਵਿਧਾਇਕ ਦੀਪ ਮਲਹੋਤਰਾ ਦੇ ਦਿੱਲੀ ਸਮੇਤ ਦੇਸ਼ ਦੇ ਕਈ ਸੂਬਿਆਂ ‘ਚ ਸ਼ਰਾਬ ਕਾਰੋਬਾਰ ਦੇ ਨਾਲ-ਨਾਲ ਫਾਈਵ ਤੇ ਸੈਵਨ ਸਟਾਰ ਹੋਟਲਾਂ ਦੀ ਲੜੀ ਹੈ।