ਆਮ ਆਦਮੀ ਪਾਰਟੀ ਦੇ ਮੌਜੂਦਾ ਰਾਜ ਸਭਾ ਮੈਂਬਰ, ਇੰਡੀਆ ਦੇ ਸਾਬਕਾ ਕ੍ਰਿਕਟਰ ਤੇ ਪੰਜਾਬ ਕ੍ਰਿਕਟ ਸੰਘ ਦੇ ਮੁੱਖ ਸਲਾਹਕਾਰ ਹਰਭਜਨ ਸਿੰਘ ਨੇ ਦੋਸ਼ ਲਾਇਆ ਹੈ ਕਿ ਪੰਜਾਬ ਕ੍ਰਿਕਟ ਐਸੋਸੀਏਸ਼ਨ (ਪੀ.ਸੀ.ਏ.) ਦੇ ਕੁਝ ਅਧਿਕਾਰੀ ‘ਨਾਜਾਇਜ਼ ਕੰਮਾਂ’ ਵਿੱਚ ਸ਼ਾਮਲ ਹਨ। ਹਰਭਜਨ ਨੇ ਪੱਤਰ ‘ਚ ਉਨ੍ਹਾਂ ਅਹੁਦੇਦਾਰਾਂ ਦਾ ਨਾਂ ਨਹੀਂ ਲਿਆ। ਪੱਤਰ ਪੀ.ਸੀ.ਏ. ਮੈਂਬਰਾਂ ਤੇ ਸੰਘ ਦੀਆਂ ਜ਼ਿਲ੍ਹਾ ਇਕਾਈਆਂ ਨੂੰ ਭੇਜਿਆ ਗਿਆ ਹੈ। ਹਰਭਜਨ ਸਿੰਘ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਵੀ ਵਿਸਥਰਾਪੂਰਵਕ ਪੱਤਰ ਲਿਖਿਆ। ਉਨ੍ਹਾਂ ਪੱਤਰ ‘ਚ ਲਿਖਿਆ, ‘ਆਲਮ ਇਹ ਹੈ ਕਿ ਪੀ.ਸੀ. ਏ. 150 ਮੈਂਬਰਾਂ ਨੂੰ ਵੋਟਿੰਗ ਅਧਿਕਾਰ ਦੇ ਨਾਲ ਸ਼ਾਮਲ ਕਰਨਾ ਚਾਹੁੰਦਾ ਹੈ ਤਾਂ ਕਿ ਉਨ੍ਹਾਂ ਦਾ ਪੱਲੜਾ ਭਾਰੀ ਰਹੇ। ਇਹ ਸਭ ਮੁੱਖ ਸਲਾਹਕਾਰ ਤੋਂ ਸਲਾਹ ਲਏ ਬਿਨਾਂ ਜਾਂ ਚੋਟੀ ਦੀ ਪ੍ਰੀਸ਼ਦ ਤੋਂ ਪੁੱਛੇ ਬਿਨਾਂ ਕੀਤਾ ਜਾ ਰਿਹਾ ਹੈ। ਇਹ ਬੀ.ਸੀ.ਸੀ.ਆਈ. ਸੰਵਿਧਾਨ, ਪੀ.ਸੀ.ਏ. ਦੇ ਦਿਸ਼ਾ-ਨਿਰਦੇਸ਼ਾਂ ਦੇ ਵਿਰੁੱਧ ਹੈ ਤੇ ਖੇਡ ਇਕਾਈਆਂ ਦੇ ਪਾਰਦਰਸ਼ਿਤਾ ਦੇ ਨਿਯਮਾਂ ਦੀ ਉਲੰਘਣਾ ਵੀ ਹੈ।’ ਉਨ੍ਹਾਂ ਨੇ ਕਿਹਾ, ‘ਤੁਸੀਂ ਨਾਜਾਇਜ਼ ਕੰਮਾਂ ਨੂੰ ਲੁਕਾਉਣ ਲਈ ਪੀ.ਸੀ.ਏ. ਦੀਆਂ ਰਸਮੀ ਮੀਟਿੰਗ ਨਹੀਂ ਬੁਲਾ ਰਹੇ ਹੋ ਤੇ ਖੁਦ ਸਾਰੇ ਫੈਸਲੇ ਲੈ ਰਹੇ ਹੋ।’ ਪੱਤਰ ਬਾਰੇ ਪੁੱਛਣ ‘ਤੇ ਹਰਭਜਨ ਨੇ ਕਿਹਾ, ‘ਮੈਨੂੰ ਪਿਛਲੇ 10-15 ਦਿਨਾਂ ਤੋਂ ਸ਼ਿਕਾਇਤਾਂ ਮਿਲ ਰਹੀਆਂ ਹਨ। ਮੈਨੂੰ ਮੁੱਖ ਸਲਾਹਕਾਰ ਬਣਾਇਆ ਗਿਆ ਹੈ ਪਰ ਜ਼ਿਆਦਾਤਰ ਨੀਤੀਗਤ ਫੈਸਲਿਆਂ ਬਾਰੇ ਮੈਨੂੰ ਦੱਸਿਆ ਨਹੀਂ ਜਾਂਦਾ। ਮੈਨੂੰ ਮੈਂਬਰਾਂ ਤੇ ਮੁੱਖ ਮੰਤਰੀ ਨੂੰ ਪੱਤਰ ਲਿਖਣਾ ਪਿਆ ਕਿਉਂਕਿ ਹੋਰ ਕੋਈ ਚਾਰਾ ਨਹੀਂ ਸੀ।’