ਪੜ੍ਹਾਈ ਕਰਨ ਲਈ ਵੱਖ-ਵੱਖ ਦੇਸ਼ਾਂ ‘ਚੋਂ ਆਏ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਨਾਲ-ਨਾਲ ਵੱਡੀ ਗਿਣਤੀ ਭਾਰਤੀ ਵਿਦਿਆਰਥੀਆਂ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਕੈਨੇਡਾ ਦੇ ਇਮੀਗ੍ਰੇਸ਼ਨ, ਸ਼ਰਨਾਰਥੀ ਅਤੇ ਸਿਟੀਜ਼ਨਸ਼ਿਪ ਮੰਤਰੀ ਸੀਨ ਫਰੇਜ਼ਰ ਨੇ ਐਲਾਨ ਹੈ ਕੀਤਾ ਕਿ ਦੇਸ਼ ‘ਚ ਮਜ਼ਦੂਰਾਂ ਦੀ ਘਾਟ ਵਿਚਾਲੇ ਫਰਕ ਨੂੰ ਪੂਰਾ ਕਰਨ ‘ਚ ਮਦਦ ਲਈ ਕੈਨੇਡਾ ‘ਚ ਪੜ੍ਹ ਰਹੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਬਦਲਾਅ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ 15 ਨਵੰਬਰ ਤੋਂ ਸ਼ੁਰੂ ਹੋ ਕੇ 2023 ਦੇ ਅੰਤ ਤੱਕ ਸਰਕਾਰ ਯੋਗ ਵਿਦਿਆਰਥੀਆਂ ਲਈ ਪੜ੍ਹਾਈ ਦੌਰਾਨ ਕੈਂਪਸ ਤੋਂ ਬਾਹਰ ਕੰਮ ਕਰਨ ਲਈ 20 ਘੰਟੇ ਕੰਮ ਪ੍ਰਤੀ ਹਫ਼ਤੇ ਦੀ ਸ਼ਰਤ ਨੂੰ ਹਟਾ ਰਹੀ ਹੈ, ਜਿਸ ਨਾਲ ਦੇਸ਼ ‘ਚ ਪਹਿਲਾਂ ਤੋਂ ਹੀ 5,00,000 ਤੋਂ ਵੱਧ ਵਿਦਿਆਰਥੀ ਪ੍ਰਭਾਵਿਤ ਹੁੰਦੇ ਹਨ। ਫਰੇਜ਼ਰ ਨੇ ਕਿਹਾ, ‘ਇਹ ਬਦਲਾਅ ਆਉਣ ਵਾਲੇ ਛੁੱਟੀਆਂ ਦੇ ਸੀਜ਼ਨ ਲਈ ਆਪਣੇ ਸਟਾਫ ਨੂੰ ਸ਼ਾਮਲ ਕਰਨ ਦੀ ਕੋਸ਼ਿਸ਼ ਕਰ ਰਹੇ ਹਜ਼ਾਰਾਂ ਮਾਲਕਾਂ ਨੂੰ ਹੁਲਾਰਾ ਦੇਵੇਗਾ।’ ਸਰਕਾਰ ਵੱਲੋਂ ਕੀਤੇ ਗਏ ਇਸ ਐਲਾਨ ਨਾਲ ਪੂਰਾ ਕੰਮ ਕਰਨ ਦੀ ਖੁੱਲ੍ਹ ਹੋ ਜਾਣ ‘ਤੇ ਕੁਝ ਮਾਲਕਾਂ ਵੱਲੋਂ ਕੀਤੀ ਜਾਂਦੀ ਲੁੱਟ-ਖਸੁੱਟ ਵੀ ਘਟ ਜਾਵੇਗੀ। ਇਹ ਪ੍ਰਾਜੈਕਟ 15 ਨਵੰਬਰ 2022 ਤੋਂ ਸ਼ੁਰੂ ਹੋ ਕੇ 31 ਦਸੰਬਰ 2023 ਤੱਕ ਚੱਲੇਗਾ। ਇਸ ਦਾ ਲਾਭ ਸਿਰਫ ਉਹੀ ਅੰਤਰਰਾਸ਼ਟਰੀ ਵਿਦਿਆਰਥੀ ਲੈ ਸਕਣਗੇ ਜਿਹੜੇ 15 ਨਵੰਬਰ ਤੋਂ ਪਹਿਲਾਂ ਕੈਨੇਡਾ ‘ਚ ਆ ਕੇ ਪੜ੍ਹਾਈ ਸ਼ੁਰੂ ਕਰ ਚੁੱਕੇ ਹਨ।