ਭਾਰਤੀ ਮਹਿਲਾ ਕ੍ਰਿਕਟ ਟੀਮ ਏਸ਼ੀਆ ਕੱਪ ਦੇ ਸੈਮੀਫਾਈਨਲ ‘ਚ ਪਹੁੰਚ ਗਈ ਹੈ। ਸ਼ੈਫਾਲੀ ਵਰਮਾ (55) ਦੇ ਅਰਧ ਸੈਂਕੜੇ ਅਤੇ ਸਮ੍ਰਿਤੀ ਮੰਧਾਨਾ (47) ਦੀ ਕਪਤਾਨੀ ਪਾਰੀ ਦੀ ਬਦੌਲਤ ਇੰਡੀਆ ਨੇ ਮਹਿਲਾ ਏਸ਼ੀਆ ਕੱਪ 2022 ‘ਚ ਬੰਗਲਾਦੇਸ਼ ਨੂੰ 59 ਦੌੜਾਂ ਨਾਲ ਹਰਾ ਦਿੱਤਾ। ਇੰਡੀਆ ਨੇ ਬੰਗਲਾਦੇਸ਼ ਦੇ ਸਾਹਮਣੇ 20 ਓਵਰਾਂ ‘ਚ 160 ਦੌੜਾਂ ਦਾ ਟੀਚਾ ਰੱਖਿਆ ਸੀ, ਜਿਸ ਦੇ ਜਵਾਬ ‘ਚ ਮੇਜ਼ਬਾਨ ਟੀਮ 7 ਵਿਕਟਾਂ ਦੇ ਨੁਕਸਾਨ ‘ਤੇ 100 ਦੌੜਾਂ ਹੀ ਬਣਾ ਸਕੀ। ਨੌਜਵਾਨ ਸਨਸਨੀ ਸ਼ੈਫਾਲੀ ਨੇ 44 ਗੇਂਦਾਂ ‘ਤੇ ਪੰਜ ਚੌਕਿਆਂ ਅਤੇ ਦੋ ਛੱਕਿਆਂ ਦੀ ਮਦਦ ਨਾਲ 55 ਦੌੜਾਂ ਦੀ ਪਾਰੀ ਖੇਡ ਕੇ ਇੰਡੀਆ ਦੀ ਜਿੱਤ ‘ਚ ਅਹਿਮ ਯੋਗਦਾਨ ਪਾਇਆ। ਇਸ ਦੇ ਨਾਲ ਹੀ 18 ਸਾਲ ਦੀ ਸ਼ੈਫਾਲੀ ਟੀ-20 ਇੰਟਰਨੈਸ਼ਨਲ ‘ਚ 1000 ਦੌੜਾਂ ਪੂਰੀਆਂ ਕਰਨ ਵਾਲੀ ਸਭ ਤੋਂ ਘੱਟ ਉਮਰ ਦੀ ਬੱਲੇਬਾਜ਼ ਵੀ ਬਣ ਗਈ ਹੈ। ਸਮ੍ਰਿਤੀ ਨੇ ਸ਼ੈਫਾਲੀ ਦਾ ਸਾਥ ਦਿੱਤਾ ਅਤੇ 37 ਗੇਂਦਾਂ ‘ਤੇ ਛੇ ਚੌਕਿਆਂ ਦੀ ਮਦਦ ਨਾਲ 47 ਦੌੜਾਂ ਬਣਾਈਆਂ। ਦੋਵਾਂ ਬੱਲੇਬਾਜ਼ਾਂ ਨੇ ਪਹਿਲੀ ਵਿਕਟ ਲਈ 96 ਦੌੜਾਂ ਦੀ ਸਾਂਝੇਦਾਰੀ ਕੀਤੀ। ਵਿਚਕਾਰਲੇ ਓਵਰਾਂ ‘ਚ ਖਰਾਬ ਬੱਲੇਬਾਜ਼ੀ ਦੇ ਬਾਵਜੂਦ ਇਸ ਸਾਂਝੇਦਾਰੀ ਦੀ ਬਦੌਲਤ ਇੰਡੀਆ ਨੇ ਬੰਗਲਾਦੇਸ਼ ਦੇ ਸਾਹਮਣੇ 160 ਦੌੜਾਂ ਦਾ ਚੁਣੌਤੀਪੂਰਨ ਟੀਚਾ ਰੱਖਿਆ। ਬੰਗਲਾਦੇਸ਼ ਲਈ ਰੁਮਾਨਾ ਅਹਿਮਦ ਨੇ ਤਿੰਨ ਓਵਰਾਂ ‘ਚ 27 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ, ਜਦਕਿ ਸਲਮਾ ਖਾਤੂਨ ਨੇ ਤਿੰਨ ਓਵਰਾਂ ‘ਚ 16 ਦੌੜਾਂ ਦੇ ਕੇ ਇਕ ਵਿਕਟ ਲਈ। ਟੀਚੇ ਦਾ ਪਿੱਛਾ ਕਰਦੇ ਹੋਏ ਬੰਗਲਾਦੇਸ਼ ਦੇ ਸਲਾਮੀ ਬੱਲੇਬਾਜ਼ਾਂ ਨੇ 45 ਦੌੜਾਂ ਦੀ ਸਾਂਝੇਦਾਰੀ ਕੀਤੀ ਪਰ ਉਨ੍ਹਾਂ ਦੇ ਘੱਟ ਸਟ੍ਰਾਈਕ ਰੇਟ ਕਾਰਨ ਟੀਮ ਦਬਾਅ ‘ਚ ਸੀ ਅਤੇ ਪਹਿਲੇ ਤਿੰਨ ਬੱਲੇਬਾਜ਼ਾਂ ਤੋਂ ਇਲਾਵਾ ਕੋਈ ਵੀ ਬੰਗਲਾਦੇਸ਼ੀ ਖਿਡਾਰੀ ਦਹਾਈ ਦੇ ਅੰਕੜੇ ਨੂੰ ਛੂਹ ਨਹੀਂ ਸਕਿਆ। ਬੰਗਲਾਦੇਸ਼ ਨੂੰ ਆਖਰੀ 10 ਓਵਰਾਂ ‘ਚ 112 ਦੌੜਾਂ ਦੀ ਲੋੜ ਸੀ। ਲਗਾਤਾਰ ਵਧਦੀ ਲੋੜੀਂਦੀ ਰਨ-ਰੇਟ ਨੇ ਬੰਗਲਾਦੇਸ਼ ‘ਤੇ ਦਬਾਅ ਪਾਇਆ। ਟੀਮ ਨੇ ਆਪਣੀਆਂ ਅਗਲੀਆਂ ਛੇ ਵਿਕਟਾਂ ਸਿਰਫ਼ 27 ਦੌੜਾਂ ਦੇ ਅੰਦਰ ਗੁਆ ਦਿੱਤੀਆਂ ਅਤੇ ਕਪਤਾਨ ਨਿਗਾਰ ਸੁਲਤਾਨਾ ਦੀਆਂ 36 (29) ਦੌੜਾਂ ਦੀ ਪਾਰੀ ਦੇ ਬਾਵਜੂਦ ਬੰਗਲਾਦੇਸ਼ ਦੀ ਟੀਮ 20 ਓਵਰਾਂ ‘ਚ ਸਿਰਫ਼ 100 ਦੌੜਾਂ ਹੀ ਬਣਾ ਸਕੀ। ਸੁਲਤਾਨਾ ਦੀ ਜੁਝਾਰੂ ਪਾਰੀ ‘ਚ ਪੰਜ ਚੌਕੇ ਸ਼ਾਮਲ ਸਨ। ਇੰਡੀਆ ਲਈ ਦੀਪਤੀ ਅਤੇ ਸ਼ੈਫਾਲੀ ਨੇ ਦੋ-ਦੋ ਵਿਕਟਾਂ ਲਈਆਂ ਜਦਕਿ ਰੇਣੂਕਾ ਸਿੰਘ ਅਤੇ ਸਨੇਹ ਰਾਣਾ ਨੇ ਇਕ-ਇਕ ਵਿਕਟ ਹਾਸਲ ਕੀਤੀ।