ਉੱਤਰ ਪ੍ਰਦੇਸ਼ ਦੇ ਤਿੰਨ ਵਾਰ ਮੁੱਖ ਮੰਤਰੀ ਰਹਿਣ ਤੋਂ ਇਲਾਵਾ ਕੇਂਦਰ ‘ਚ ਮੰਤਰੀ ਰਹੇ ਸਮਾਜਵਾਦੀ ਪਾਰਟੀ ਦੇ ਬਾਨੀ ਮੁਲਾਇਮ ਸਿੰਘ ਯਾਦਵ ਦਾ ਗੁਰੂਗਰਾਮ ਦੇ ਨਿੱਜੀ ਹਸਪਤਾਲ ‘ਚ ਅੱਜ ਦੇਹਾਂਤ ਹੋ ਗਿਆ। ਉਹ 82 ਸਾਲ ਦੇ ਸਨ ਅਤੇ ਪਿਛਲੇ ਕੁਝ ਸਮੇਂ ਤੋਂ ਬਿਮਾਰ ਹੋਣ ਕਾਰਨ ਹਸਪਤਾਲ ‘ਚ ਜ਼ੇਰੇ ਇਲਾਜ ਸਨ। ਮੁਲਾਇਮ ਯਾਦਵ ਸਰਗਰਮ ਸਿਆਸਤ ‘ਚ ਸ਼ਾਮਲ ਹੋਣ ਤੋਂ ਪਹਿਲਾਂ ਅਧਿਆਪਨ ਕਿੱਤੇ ‘ਚ ਸਨ। ਉਹ 1967 ਤੋਂ 1996 ਤੱਕ ਅੱਠ ਵਾਰ ਯੂ.ਪੀ. ਅਸੈਂਬਲੀ ਲਈ ਚੁਣੇ ਗਏ। 1996 ਤੋਂ ਸੱਤ ਵਾਰ ਲੋਕ ਸਭਾ ਮੈਂਬਰ ਰਹੇ। 1989 ‘ਚ ਪਹਿਲੀ ਵਾਰ ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਬਣੇ। ਉਹ ਸਪਾ ‘ਚ ਨੇਤਾ ਜੀ ਦੇ ਨਾਂ ਨਾਲ ਮਕਬੂਲ ਸਨ। ਸਪਾ ਪ੍ਰਧਾਨ ਤੇ ਮੁਲਾਇਮ ਸਿੰਘ ਯਾਦਵ ਦੇ ਵੱਡੇ ਪੁੱਤਰ ਅਖਿਲੇਸ਼ ਯਾਦਵ ਨੇ ਟਵੀਟ ਕਰ ਕੇ ਨੇਤਾਜੀ ਦੇ ਦੇਹਾਂਤ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦਾ ਪੁੱਤਰ ਤੇ ਸਪਾ ਦਾ ਮੌਜੂਦਾ ਪ੍ਰਧਾਨ ਅਖਿਲੇਸ਼ ਯਾਦਵ ਵੀ ਉੱਤਰ ਪ੍ਰਦੇਸ਼ ਦਾ ਮੁੱਖ ਮੰਤਰੀ ਰਹਿ ਚੁੱਕਾ ਹੈ।