ਇੰਡੀਆ ਸਰਕਾਰ ਦਾ ਮੰਨਣਾ ਹੈ ਕਿ ਪਿਛਲੇ ਕੁਝ ਹਫਤਿਆਂ ਦੌਰਾਨ ਕੈਨੇਡਾ ‘ਚ ਇੰਡੀਆ ਵਿਰੋਧੀ ਗਤੀਵਿਧੀਆਂ ਵਧੀਆਂ ਹਨ। ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਆਸਟਰੇਲੀਆ ‘ਚ ਹਮਰੁਤਬਾ ਪੈਨੀ ਵੌਂਗ ਨਾਲ ਸਾਂਝੀ ਮੀਡੀਆ ਕਾਨਫਰੰਸ ਦੌਰਾਨ ਕਿਹਾ ਕਿ ਕੈਨੇਡਾ ‘ਚ ਸਰਗਰਮ ਖਾਲਿਸਤਾਨੀ ਤਾਕਤਾਂ ਦਾ ਮੁੱਦਾ ਇੰਡੀਆ ਨੇ ਉਥੋਂ ਦੀ ਸਰਕਾਰ ਕੋਲ ਉਠਾਇਆ ਹੈ। ਉਨ੍ਹਾਂ ਕਿਹਾ ਕਿ ਇੰਡੀਆ ਨੇ ਇਹ ਯਕੀਨੀ ਬਣਾਉਣ ਦੀ ਲੋੜ ਉਤੇ ਜ਼ੋਰ ਦਿੱਤਾ ਹੈ ਕਿ ਲੋਕਤੰਤਰਿਕ ਸਮਾਜ ‘ਚ ਮਿਲੀਆਂ ਆਜ਼ਾਦੀਆਂ ਦੀ ਉਨ੍ਹਾਂ ਤਾਕਤਾਂ ਨੂੰ ਦੁਰਵਰਤੋਂ ਨਾ ਕਰਨ ਦਿੱਤੀ ਜਾਵੇ ਜੋ ਅਸਲ ਵਿਚ ‘ਹਿੰਸਾ’ ਤੇ ‘ਕੱਟੜਵਾਦ’ ਦੀ ਹਾਮੀ ਭਰਦੀਆਂ ਹਨ। ਜੈਸ਼ੰਕਰ ਨੇ ਕਿਹਾ, ‘ਸਮੇਂ-ਸਮੇਂ ਅਸੀਂ ਕੈਨੇਡਾ ਦੀ ਸਰਕਾਰ ਨਾਲ ਰਾਬਤਾ ਕੀਤਾ ਹੈ। ਮੈਂ ਖ਼ੁਦ ਵੀ ਇਸ ਮੁੱਦੇ ‘ਤੇ ਆਪਣੇ ਕੈਨੇਡੀਅਨ ਹਮਰੁਤਬਾ ਨਾਲ ਗੱਲ ਕੀਤੀ ਹੈ।’ ਉਨ੍ਹਾਂ ਕਿਹਾ ਕਿ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਣ ਦੀ ਲੋੜ ਹੈ ਕਿ ਲੋਕਤੰਤਰ ਕਿਵੇਂ ਕੰਮ ਕਰਦਾ ਹੈ, ਬਾਹਰਲੇ ਲੋਕਤੰਤਰਾਂ ਦੀ ਦੂਜੇ ਲੋਕਤੰਤਰਿਕ ਮੁਲਕਾਂ ਪ੍ਰਤੀ ਜ਼ਿੰਮੇਵਾਰੀ ਵੀ ਬਣਦੀ ਹੈ। ਸਿਰਫ਼ ਆਪਣੇ ਘਰ ‘ਚ ਹੀ ਨਹੀਂ ਬਲਕਿ ਦੂਜੇ ਦੇਸ਼ਾਂ ਦੀਆਂ ਲੋਕਤੰਤਰਿਕ ਕਦਰਾਂ-ਕੀਮਤਾਂ ਦਾ ਖਿਆਲ ਰੱਖਣ ਦੀ ਵੀ ਲੋੜ ਹੈ। ਦੱਸਣਯੋਗ ਹੈ ਕਿ 15 ਸਤੰਬਰ ਨੂੰ ਸਵਾਮੀਨਾਰਾਇਣ ਮੰਦਰ ਟੋਰਾਂਟੋ ਨੂੰ ‘ਕੈਨੇਡੀਅਨ ਖਾਲਿਸਤਾਨੀ ਕੱਟੜਵਾਦੀਆਂ’ ਵੱਲੋਂ ਨੁਕਸਾਨ ਪਹੁੰਚਾਇਆ ਗਿਆ ਸੀ ਤੇ ਇਸ ‘ਤੇ ਭਾਰਤ-ਵਿਰੋਧੀ ਸ਼ਬਦ ਲਿਖ ਦਿੱਤੇ ਗਏ ਸਨ। 23 ਸਤੰਬਰ ਨੂੰ ਇੰਡੀਆ ਨੇ ਕੈਨੇਡਾ ‘ਚ ਹੋ ਰਹੀ ‘ਖਾਲਿਸਤਾਨ ਰਾਇਸ਼ੁਮਾਰੀ’ ਉੱਤੇ ਵੀ ਸਖ਼ਤ ਇਤਰਾਜ਼ ਜਤਾਇਆ ਸੀ। ਇੰਡੀਆ ਨੇ ਕਿਹਾ ਸੀ ਕਿ ਕਿਸੇ ਮਿੱਤਰ ਮੁਲਕ ‘ਚ ਇਸ ਤਰ੍ਹਾਂ ਦੀਆਂ ‘ਸਿਆਸਤ ਤੋਂ ਪ੍ਰੇਰਿਤ’ ਗਤੀਵਿਧੀਆਂ ਦਾ ਹੋਣਾ ਇਤਰਾਜ਼ਯੋਗ ਹੈ। ਕੈਨੇਡਾ ਦੀ ਯਾਤਰਾ ਬਾਰੇ ਇੰਡੀਆ ਵੱਲੋਂ ਜਾਰੀ ਚਿਤਾਵਨੀਆਂ ਦੇ ਮੁੱਦੇ ‘ਤੇ ਜੈਸ਼ੰਕਰ ਨੇ ਕਿਹਾ, ‘ਅਸੀਂ ਇਸ ਬਾਰੇ ਬਹੁਤ ਸਪੱਸ਼ਟ ਹਾਂ। ਜਦ ਅਸੀਂ ਯਾਤਰਾ ਬਾਰੇ ਹਦਾਇਤਾਂ ਜਾਰੀ ਕਰਦੇ ਹਾਂ ਤਾਂ ਇਹ ਸਾਡੇ ਨਾਗਰਿਕਾਂ ਦੀ ਸੁਰੱਖਿਆ ਨਾਲ ਜੁੜੀਆਂ ਹੁੰਦੀਆਂ ਹਨ। ਇਸ ਤੋਂ ਵੱਧ ਇਨ੍ਹਾਂ ‘ਚ ਹੋਰ ਕੁਝ ਨਹੀਂ ਹੁੰਦਾ।’ ਜ਼ਿਕਰਯੋਗ ਹੈ ਕਿ ਇੰਡੀਆ ਵੱਲੋਂ ਜਾਰੀ ਚਿਤਾਵਨੀਆਂ ਤੋਂ ਬਾਅਦ ਕੈਨੇਡਾ ਨੇ ਵੀ ਉਸੇ ਤਰਜ਼ ‘ਤੇ ਇੰਡੀਆ ਦੀ ਯਾਤਰਾ ਲਈ ਚਿਤਾਵਨੀਆਂ ਜਾਰੀ ਕਰ ਦਿੱਤੀਆਂ ਸਨ।