ਆਸਟਰੇਲੀਆ ਦੀ ਨਿਊ ਸਾਊਥ ਵੇਲਜ਼ ਯੂਨੀਵਰਸਿਟੀ ‘ਚ ਪੜ੍ਹਦਾ ਇਕ ਭਾਰਤੀ ਵਿਦਿਆਰਥੀ ਨਸਲੀ ਹਿੰਸਾ ਦਾ ਸ਼ਿਕਾਰ ਹੋ ਗਿਆ। ਇਸ ਹਮਲੇ ‘ਚ ਉਸ ‘ਤੇ ਚਾਕੂਆਂ ਨਾਲ ਕਈ ਵਾਰ ਕੀਤੇ ਗਏ। ਹਮਲਾਵਰ ਨੇ ਵਿਦਿਆਰਥੀ ‘ਤੇ ਚਾਕੂ ਨਾਲ 11 ਵਾਰ ਕੀਤੇ ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਗਿਆ। 28 ਸਾਲਾ ਸ਼ੁਭਮ ਗਰਗ ਮਕੈਨੀਕਲ ਇੰਜਨੀਅਰਿੰਗ ‘ਚ ਪੀਐੱਚ.ਡੀ ਦਾ ਵਿਦਿਆਰਥੀ ਹੈ। ਫਿਲਹਾਲ ਉਹ ਹਸਪਤਾਲ ‘ਚ ਦਾਖਲ ਹੈ ਅਤੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਇਸ ਨੂੰ ਨਸਲੀ ਹਮਲਾ ਕਰਾਰ ਦਿੰਦਿਆਂ ਆਗਰਾ ‘ਚ ਰਹਿੰਦੇ ਉਸ ਦੇ ਮਾਤਾ-ਪਿਤਾ ਨੇ ਕਿਹਾ ਕਿ ਉਹ ਪਿਛਲੇ ਸੱਤ ਦਿਨਾਂ ਤੋਂ ਆਸਟਰੇਲੀਆ ਦਾ ਵੀਜ਼ਾ ਲੈਣ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਅਜੇ ਤੱਕ ਹਾਸਲ ਨਹੀਂ ਸਕੇ। ਸ਼ੁਭਮ ਨੇ ਆਈ.ਆਈ.ਟੀ. ਮਦਰਾਸ ਤੋਂ ਆਪਣੀ ਬੈਚਲਰ ਆਫ਼ ਟੈਕਨਾਲੋਜੀ ਅਤੇ ਮਾਸਟਰ ਆਫ਼ ਸਾਇੰਸ ਦੀ ਡਿਗਰੀ ਪੂਰੀ ਕੀਤੀ ਅਤੇ 1 ਸਤੰਬਰ ਨੂੰ ਆਸਟਰੇਲੀਆ ਚਲਾ ਗਿਆ। ਪਰਿਵਾਰਕ ਮੈਂਬਰਾਂ ਮੁਤਾਬਕ ਸ਼ੁਭਮ ਦੇ ਚਿਹਰੇ, ਛਾਤੀ ਅਤੇ ਪੇਟ ‘ਤੇ ਕਈ ਜ਼ਖਮ ਹਨ। 27 ਸਾਲਾ ਇਕ ਸ਼ੱਕੀ ਨੂੰ ਅਪਰਾਧ ਦੇ ਸਿਲਸਿਲੇ ‘ਚ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਉਸ ਉੱਤੇ ‘ਕਤਲ ਦੀ ਕੋਸ਼ਿਸ਼’ ਦਾ ਦੋਸ਼ ਲਗਾਇਆ ਗਿਆ ਹੈ। ਸ਼ੁਭਮ ਦੇ ਪਿਤਾ ਰਾਮਨਿਵਾਸ ਗਰਗ ਨੇ ਕਿਹਾ ਕਿ ਸ਼ੁਭਮ ਦੇ ਆਸਟਰੇਲੀਆ ਵਿਚਲੇ ਦੋਸਤਾਂ ਨੇ ਪੁਸ਼ਟੀ ਕੀਤੀ ਹੈ ਕਿ ਨਾ ਤਾਂ ਉਹ ਅਤੇ ਨਾ ਹੀ ਸ਼ੁਭਮ ਹਮਲਾਵਰ ਨੂੰ ਜਾਣਦੇ ਸਨ। ਇਹ ਨਸਲੀ ਹਮਲਾ ਜਾਪਦਾ ਹੈ। ਅਸੀਂ ਭਾਰਤ ਸਰਕਾਰ ਨੂੰ ਮਦਦ ਦੀ ਬੇਨਤੀ ਕਰਦੇ ਹਾਂ। ਦੂਜੇ ਪਾਸੇ ਆਗਰਾ ਦੇ ਜ਼ਿਲ੍ਹਾ ਅਧਿਕਾਰੀ ਨਵਨੀਤ ਸਿੰਘ ਚਾਹਲ ਨੇ ਦੱਸਿਆ ਕਿ ਸ਼ੁਭਮ ਦੇ ਭਰਾ ਦੀ ਵੀਜ਼ਾ ਅਰਜ਼ੀ ਦੀ ਪ੍ਰਕਿਰਿਆ ਚੱਲ ਰਹੀ ਹੈ। ਜਾਣਕਾਰੀ ਅਨੁਸਾਰ ਸ਼ੁਭਮ 6 ਅਕਤੂਬਰ ਨੂੰ ਕਰੀਬ 10 ਵਜੇ ਘਰ ਦਾ ਕਿਰਾਇਆ ਦੇਣ ਲਈ ਏ.ਟੀ.ਐਮ. ਤੋਂ 800 ਡਾਲਰ ਕਢਵਾ ਕੇ ਕਮਰੇ ‘ਚ ਜਾ ਰਿਹਾ ਸੀ। ਫਿਰ ਅਚਾਨਕ ਉਸ ‘ਤੇ ਚਾਕੂ ਨਾਲ ਹਮਲਾ ਕੀਤਾ ਗਿਆ। ਉਸ ਦੇ ਜਬਾੜੇ, ਪੇਟ ਸਮੇਤ ਸਰੀਰ ਦੇ ਕਈ ਹਿੱਸਿਆਂ ‘ਚ 11 ਵਾਰ ਕੀਤੇ ਗਏ। ਇਸ ਹਮਲੇ ਤੋਂ ਬਾਅਦ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।