ਹਰਿਆਣਾ ਦੇ ਜ਼ਿਲ੍ਹਾ ਰੋਹਤਕ ਦੀ ਸੁਨਾਰੀਆ ਜੇਲ੍ਹ ‘ਚ ਬੰਦ ਡੇਰਾ ਮੁਖੀ ਗੁਰਮੀਤ ਸਿੰਘ ਨੂੰ 40 ਦਿਨਾਂ ਦੀ ਪੈਰੋਲ ਮਿਲ ਮਿਣ ਮਗਰੋਂ ਸ਼ਨਿੱਚਰਵਾਰ ਸਵੇਰੇ ਸੱਤ ਵਜੇ ਦੇ ਕਰੀਬ ਬਾਹਰ ਆਇਆ ਅਤੇ ਉੱਤਰ ਪ੍ਰਦੇਸ਼ ਦੇ ਬਾਗਪਤ ਦੇ ਬਰਨਾਵਾ ਸਥਿਤ ਡੇਰਾ ਸੱਚਾ ਸੌਦਾ ਆਸ਼ਰਮ ਪਹੁੰਚ ਗਿਆ। ਹਰਿਆਣਾ ਪੁਲੀਸ ਉਸ ਨੂੰ ਇਸ ਡੇਰੇ ਲੈ ਕੇ ਆਈ ਹੈ। ਹੁਣ ਪੈਰੋਲ ਦੌਰਾਨ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਬਾਗਪਤ ਦੇ ਆਸ਼ਰਮ ‘ਚ ਰਹੇਗਾ। ਡੇਰਾ ਮੁਖੀ ਦੇ ਆਉਣ ਤੋਂ ਬਾਅਦ ਇਥੇ ਤਿਆਰੀਆਂ ਕੀਤੀਆਂ ਗਈਆਂ ਹਨ। ਸਥਾਨਕ ਪੁਲੀਸ ਨੇ ਵੀ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਹਨ। ਬਰਨਾਵਾ ਸੱਚਾ ਸੌਦਾ ਆਸ਼ਰਮ ਪਹੁੰਚਦੇ ਹੀ ਡੇਰਾ ਮੁਖੀ ਗੁਰਮੀਤ ਸਿੰਘ ਨੇ ਇੰਟਰਨੈੱਟ ਮੀਡੀਆ ‘ਤੇ ਲਾਈਵ ਹੋ ਕੇ ਆਪਣੇ ਪੈਰੋਕਾਰਾਂ ਨੂੰ ਸੰਦੇਸ਼ ਦਿੱਤਾ। ਉਸ ਨੇ ਸਮੂਹ ਸ਼ਰਧਾਲੂਆਂ ਨੂੰ ਵਧਾਈ ਦਿੱਤੀ ਅਤੇ ਅਨੁਸ਼ਾਸਨ ਬਣਾਈ ਰੱਖਣ ਅਤੇ ਕਿਸੇ ਵੀ ਤਰ੍ਹਾਂ ਦੀ ਭਗਦੜ ਨਾ ਕਰਨ ਦੀ ਅਪੀਲ ਕੀਤੀ। ਦੂਜੇ ਪਾਸੇ ਆਸ਼ਰਮ ‘ਚ ਆਉਣ ‘ਤੇ ਉਨ੍ਹਾਂ ਦੇ ਪੈਰੋਕਾਰਾਂ ਨੇ ਖੁਸ਼ੀ ਜ਼ਾਹਿਰ ਕੀਤੀ। ਇਸ ਤੋਂ ਪਹਿਲਾਂ ਡੇਰਾ ਮੁਖੀ ਦੀ ਆਮਦ ਨੂੰ ਲੈ ਕੇ ਆਸ਼ਰਮ ‘ਚ ਤਿਆਰੀਆਂ ਸ਼ੁਰੂ ਹੋ ਗਈਆਂ ਸਨ। ਹਾਲਾਂਕਿ ਇਸ ਵਾਰ ਡੇਰਾ ਮੁਖੀ ਦੇ ਵੀ ਹੈਲੀਕਾਪਟਰ ਰਾਹੀਂ ਬਰਨਾਵਾ ਆਉਣ ਦੀ ਸੰਭਾਵਨਾ ਸੀ। ਡੇਰੇ ‘ਚ ਲਾਈਵ ਪ੍ਰਸਾਰਣ ਲਈ ਟਾਵਰ ਲਗਾ ਕੇ ਸੰਪਰਕ ਵਧਾਇਆ ਗਿਆ ਹੈ। ਲਾਈਵ ਪ੍ਰਸਾਰਣ ਲਈ ਆਸ਼ਰਮ ਦੇ ਅਹਾਤੇ ‘ਚ ਇਕ ਵਾਈਫਾਈ ਟਾਵਰ ਅਤੇ ਇਕ ਪ੍ਰਾਈਵੇਟ ਕੰਪਨੀ ਦਾ ਫੋਲਡੇਬਲ ਟਾਵਰ ਲਗਾਇਆ ਗਿਆ ਹੈ। ਇਸ ਤੋਂ ਪਹਿਲਾਂ ਡੇਰਾ ਮੁਖੀ 17 ਜੂਨ 2022 ਨੂੰ 30 ਦਿਨਾਂ ਦੀ ਪੈਰੋਲ ‘ਤੇ ਬਰਨਾਵਾ ਆਸ਼ਰਮ ਆਇਆ ਸੀ। 18 ਜੁਲਾਈ 2022 ਨੂੰ ਪੈਰੋਲ ਪੂਰੀ ਹੋਣ ਤੋਂ ਬਾਅਦ ਸੁਨਾਰੀਆ ਨੂੰ ਇਥੋਂ ਜੇਲ੍ਹ ਭੇਜ ਦਿੱਤਾ ਗਿਆ। ਡੇਰਾ ਮੁਖੀ ਗੁਰਮੀਤ ਰਾਮ ਰਹੀਮ 17 ਜੂਨ ਨੂੰ ਇਕ ਮਹੀਨੇ ਦੀ ਪੈਰੋਲ ‘ਤੇ ਬਰਨਾਵਾ ਸਥਿਤ ਡੇਰਾ ਸੱਚਾ ਸੌਦਾ ਆਸ਼ਰਮ ਪਹੁੰਚਿਆ ਸੀ। ਉਸ ਦੇ ਦਰਸ਼ਨਾਂ ਲਈ ਰਾਜਸਥਾਨ, ਪੰਜਾਬ, ਹਰਿਆਣਾ, ਦਿੱਲੀ, ਬਿਹਾਰ, ਉੜੀਸਾ, ਉਤਰਾਂਚਲ ਆਦਿ ਰਾਜਾਂ ਤੋਂ ਹਜ਼ਾਰਾਂ ਸ਼ਰਧਾਲੂ ਆਸ਼ਰਮ ਪਹੁੰਚੇ ਸਨ। ਉਸ ਨੇ ਪ੍ਰਵਚਨ ਅਤੇ ਹੋਰ ਧਾਰਮਿਕ ਪ੍ਰੋਗਰਾਮ ਕੀਤੇ ਸਨ। ਇਸ ਵਾਰ ਡੇਰਾ ਮੁਖੀ ਦੀ ਪੈਰੋਲ ਨੂੰ ਹਰਿਆਣਾ ਦੀ ਆਦਮਪੁਰ ਜ਼ਿਮਨੀ ਚੋਣ ਅਤੇ ਪੰਚਾਇਤ ਚੋਣਾਂ ਨਾਲ ਜੁੜ ਕੇ ਵੀ ਦੇਖਿਆ ਜਾ ਰਿਹਾ ਹੈ ਜੋ ਇਸ ਪੈਰੋਲ ਦੇ ਸਮੇਂ ਦੌਰਾਨ ਹੀ ਹੋ ਰਹੀਆਂ ਹਨ।