ਬਾਦਲ ਸਰਕਾਰ ਤੋਂ ਬਾਅਦ ਕਾਂਗਰਸ ਸਰਕਾਰ ਦੇ ਕਾਰਜਕਾਲ ‘ਚੋਂ ਹੁੰਦਾ ਹੋਇਆ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ‘ਚ ਪਹੁੰਚੇ ਸਿੰਜਾਈ ਘੁਟਾਲੇ ‘ਚ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਵਿਭਾਗ ਦੇ ਸਾਬਕਾ ਸਕੱਤਰ ਅਤੇ ਸੇਵਾਮੁਕਤ ਆਈ.ਏ.ਐੱਸ. ਅਧਿਕਾਰੀ ਕਾਹਨ ਸਿੰਘ ਪੰਨੂ ਤੋਂ ਲਗਪਗ ਦੋ ਪੜਾਵਾਂ ‘ਚ ਤਿੰਨ ਘੰਟੇ ਪੁੱਛ-ਪੜਤਾਲ ਕੀਤੀ ਗਈ। ਕਾਹਨ ਪੰਨੂ ਨੂੰ ਸਿੰਜਾਈ ਘੁਟਾਲੇ ਦੀ ਤਫ਼ਤੀਸ਼ ‘ਚ ਸ਼ਾਮਲ ਹੋਣ ਲਈ ਸੱਦਿਆ ਗਿਆ ਸੀ। ਵਿਜੀਲੈਂਸ ਸੂਤਰਾਂ ਦਾ ਦੱਸਣਾ ਹੈ ਕਿ ਇਸ ਸੇਵਾਮੁਕਤ ਅਧਿਕਾਰੀ ਪੰਨੂ ਨੇ ਸਪੱਸ਼ਟ ਕੀਤਾ ਕਿ ਸਿੰਜਾਈ ਵਿਭਾਗ ‘ਚ ਹੋਏ ਘੁਟਾਲੇ ‘ਚ ਉਨ੍ਹਾਂ ਦੀ ਕੋਈ ਭੂਮਿਕਾ ਨਹੀਂ ਹੈ। ਉਨ੍ਹਾਂ ਠੇਕੇਦਾਰ ਗੁਰਿੰਦਰ ਸਿੰਘ ਵੱਲੋਂ ਦਿੱਤੇ ਇਕਬਾਲੀਆ ਬਿਆਨ ਨੂੰ ਵੀ ਗਲਤ ਕਰਾਰ ਦਿੱਤਾ। ਪੰਨੂ ਨੇ ਖੁਦ ਨੂੰ ਬੇਕਸੂਰ ਤੇ ਪਾਕ ਦਾਮਨ ਵਾਲਾ ਅਫ਼ਸਰ ਕਰਾਰ ਦਿੱਤਾ। ਇਸ ਸੇਵਾਮੁਕਤ ਅਧਿਕਾਰੀ ਨੇ ਵਿਜੀਲੈਂਸ ਦੇ ਤਫ਼ਤੀਸ਼ੀ ਅਫਸਰਾਂ ਨੂੰ ਕਿਹਾ ਕਿ ਜਦੋਂ ਕੋਈ ਗਲਤ ਕੰਮ ਹੀ ਨਹੀਂ ਕੀਤਾ ਤਾਂ ਹਰ ਤਰ੍ਹਾਂ ਦੇ ਸਵਾਲ ਦਾ ਜਵਾਬ ਦੇਣ ਲਈ ਤਿਆਰ ਹਾਂ। ਵਿਜੀਲੈਂਸ ਵੱਲੋਂ ਇਸ ਸਾਬਕਾ ਅਧਿਕਾਰੀ ਤੋਂ ਜੋ ਸਵਾਲ ਪੁੱਛੇ ਗਏ ਉਨ੍ਹਾਂ ਨਾਲ ਸਬੰਧਤ ਦਸਤਾਵੇਜ਼ ਸਿੰਜਾਈ ਵਿਭਾਗ ਤੋਂ ਹਾਸਲ ਕੀਤੇ ਜਾਣੇ ਹਨ। ਵਿਜੀਲੈਂਸ ਵੱਲੋਂ ਪੰਨੂ ਨੂੰ ਸਿੰਜਾਈ ਵਿਭਾਗ ਦਾ ਸਕੱਤਰ ਹੁੰਦੇ ਹੋਏ ਕੀਤੇ ਕੰਮਾਂ ਦਾ ਵਿਸਥਾਰ ਅਤੇ ਭੂਮਿਕਾ ਸਬੰਧੀ ਸਵਾਲ ਕੀਤੇ ਗਏ। ਵਿਜੀਲੈਂਸ ਅਧਿਕਾਰੀਆਂ ਦਾ ਦੱਸਣਾ ਹੈ ਕਿ ਪੰਨੂ ਵਿਜੀਲੈਂਸ ਦੀ ਟੀਮ ਅੱਗੇ ਪਹਿਲਾਂ ਦੁਪਹਿਰ 12 ਵਜੇ ਅਤੇ ਫਿਰ ਸ਼ਾਮ ਨੂੰ ਚਾਰ ਵਜੇ ਪੇਸ਼ ਹੋਏ। ਵਿਜੀਲੈਂਸ ਅਧਿਕਾਰੀਆਂ ਵੱਲੋਂ ਸਿੰਜਾਈ ਵਿਭਾਗ ਦੇ ਸਾਬਕਾ ਸਕੱਤਰ ਤੋਂ ਕੁਝ ਦਸਤਾਵੇਜ਼ ਵੀ ਮੰਗੇ ਗਏ ਹਨ ਤੇ ਕੁਝ ਪ੍ਰਫਾਰਮੇ ਦਿੰਦਿਆਂ ਵਿਸ਼ੇਸ਼ ਜਾਣਕਾਰੀ ਮੁਹੱਈਆ ਕਰਾਉਣ ਲਈ ਵੀ ਕਿਹਾ ਗਿਆ। ਸੀਨੀਅਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੰਨੂ ਵੱਲੋਂ ਮੁਹੱਈਆ ਕਰਵਾਈ ਜਾਣਕਾਰੀ ਦੀ ਘੋਖ ਕੀਤੀ ਜਾਵੇਗੀ। ਵਿਜੀਲੈਂਸ ਵੱਲੋਂ ਇਸ ਮਾਮਲੇ ‘ਚ ਦੋ ਹੋਰ ਸੇਵਾਮੁਕਤ ਅਧਿਕਾਰੀਆਂ ਸਰਵੇਸ਼ ਕੌਸ਼ਲ ਅਤੇ ਕੇਬੀਐੱਸ ਸਿੱਧੂ ਨੂੰ ਵੀ ਪੁੱਛ-ਪੜਤਾਲ ਲਈ ਤਫਤੀਸ਼ ‘ਚ ਸ਼ਾਮਲ ਹੋਣ ਲਈ ਕਿਹਾ ਗਿਆ ਹੈ। ਇਨ੍ਹਾਂ ‘ਚੋਂ ਇਕ ਅਧਿਕਾਰੀ ਦੇ ਵਿਦੇਸ਼ ‘ਚ ਹੋਣ ਦੇ ਚਰਚੇ ਹਨ। ਵਿਜੀਲੈਂਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਤਿੰਨਾਂ ਅਧਿਕਾਰੀਆਂ, ਦੋ ਸਾਬਕਾ ਮੰਤਰੀਆਂ ਜਨਮੇਜਾ ਸਿੰਘ ਸੇਖੋਂ, ਸ਼ਰਨਜੀਤ ਸਿੰਘ ਢਿੱਲੋਂ ਅਤੇ ਦੋਹਾਂ ਦੇ ਨਿੱਜੀ ਸਹਾਇਕਾਂ ਤੋਂ ਪੁੱਛਗਿੱਛ ਤੋਂ ਬਾਅਦ ਸਾਰੇ ਵਿਅਕਤੀਆਂ ਦੇ ਬਿਆਨਾਂ ਅਤੇ ਦਸਤਾਵੇਜ਼ਾਂ ਨੂੰ ਘੋਖਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।