ਇਕ ਹੋਰ ਫਲਾਈਟ ਅਟੈਂਡੈਂਟ ਟੋਰਾਂਟੋ ਏਅਰਪੋਰਟ ਤੋਂ ‘ਗਾਇਬ’ ਹੋ ਗਿਆ ਹੈ। ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ (ਪੀ.ਆਈ.ਏ.) ਦਾ ਇਹ ਫਲਾਈਟ ਅਟੈਂਡੈਂਟ ਟੋਰਾਂਟੋ ਏਅਰਪੋਰਟ ‘ਤੇ ਇਮੀਗ੍ਰੇਸ਼ਨ ਤੋਂ ਬਾਅਦ ਲਾਪਤਾ ਹੋਇਆ ਜਿਸ ਦੀ ਸੂਚਨਾ ਬਾਅਦ ‘ਚ ਮਿਲੀ। ਹੁਣ ਇਕ ਹਫਤਾ ਬੀਤ ਜਾਣ ਮਗਰੋਂ ਵੀ ਉਸ ਦਾ ਕੋਈ ਥਹੁ-ਪਤਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਦੋ ਵਾਰ ਪਾਕਿਸਤਾਨ ਨਾਲ ਸਬੰਧਤ ਏਅਰਲਾਈਨ ਦੇ ਮੁਲਾਜ਼ਮ ਇਸੇ ਤਰ੍ਹਾਂ ਇਥੋਂ ਗਾਇਬ ਹੋਏ ਹਨ। ਏਅਰਲਾਈਨ ਦੇ ਪ੍ਰਬੰਧਕਾਂ ਨੇ ਸਟੀਵਰਡ ਏਜਾਜ਼ ਅਲੀ ਸ਼ਾਹ ਦੇ ਲਾਪਤਾ ਹੋਣ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ, ਜਿਸ ਨੇ 14 ਅਕਤੂਬਰ ਨੂੰ ਪੀ.ਕੇ-781 ਦੀ ਉਡਾਣ ‘ਚ ਇਸਲਾਮਾਬਾਦ ਤੋਂ ਟੋਰਾਂਟੋ ਲਈ ਉਡਾਣ ਭਰੀ ਸੀ। ਸ਼ਾਹ ਨੇ ਪੀ.ਕੇ-782 ‘ਤੇ ਇਸਲਾਮਾਬਾਦ ਪਰਤਣਾ ਸੀ, ਪਰ ਫਲਾਈਟ ਦੇ ਸਮੇਂ ਉਹ ਚਾਲਕ ਦਲ ਦਾ ਹਿੱਸਾ ਨਹੀਂ ਸੀ। ਜਦੋਂ ਚਾਲਕ ਦਲ ਦੇ ਮੈਂਬਰਾਂ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਨ੍ਹਾਂ ਬਾਰੇ ਕੋਈ ਨਹੀਂ ਜਾਣਦਾ ਸੀ ਕਿ ਉਹ ਕਿੱਥੇ ਗਿਆ। ਇਸ ਦੌਰਾਨ ਪੀ.ਆਈ.ਏ. ਮੈਨੇਜਮੈਂਟ ਨੇ ਕੈਨੇਡੀਅਨ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ‘ਲਾਪਤਾ’ ਅਮਲੇ ਬਾਰੇ ਵੀ ਸੂਚਿਤ ਕਰ ਦਿੱਤਾ ਹੈ।