ਪਿਛਲੇ ਪੰਜ ਸਾਲ ਤੋਂ ਸੱਤਾ ‘ਤੇ ਕਾਬਜ਼ ਬੀਜੇਪੀ ਲਗਾਤਾਰ ਦੂਜੀ ਵਾਰ ਚੋਣਾਂ ਜਿੱਤ ਕੇ ਹਿਮਾਚਲ ਪ੍ਰਦੇਸ਼ ਦਾ ਸਿਆਸੀ ਇਤਿਹਾਸ ਬਦਲਣਾ ਚਾਹੁੰਦੀ ਹੈ ਜਦਕਿ ਮੁੱਖ ਵਿਰੋਧੀ ਧਿਰ ਕਾਂਗਰਸ ਪੰਜ ਸਾਲ ਬਾਅਦ ਹਿਮਾਚਲੀ ਲੋਕਾਂ ਵੱਲੋਂ ਕੀਤੀ ਜਾਂਦੀ ਸੱਤਾ ਤਬਦੀਲੀ ਤੋਂ ਆਸਵੰਦ ਹੈ। ਪਰ ਇਸ ਵਾਰ ਇਕ ‘ਤੀਜਾ ਖਿਡਾਰੀ’ ਵੀ ਆਮ ਆਦਮੀ ਪਾਰਟੀ ਦੇ ਰੂਪ ‘ਚ ਜ਼ੋਰ ਅਜ਼ਮਾਈ ਕਰ ਰਿਹਾ ਹੈ। ਇਸ ਦੇ ਸਭ ਦੇ ਚੱਲਦਿਆਂ ਬੀਜੇਪੀ ਲਈ ਰਾਹ ਸੌਖਾ ਨਹੀਂ ਲੱਗਦਾ। ਉਸਨੇ ਭਾਵੇਂ ਸਾਰੀਆਂ 168 ਸੀਟਾਂ ‘ਤੇ ਉਮੀਦਵਾਰ ਐਲਾਨ ਦਿੱਤੇ ਹਨ ਪਰ ਕੁਝ ਥਾਈਂ ਉਸ ਨੂੰ ਬੜੀ ਔਖੀ ਸਥਿਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਨ੍ਹਾਂ ਚੋਣਾਂ ‘ਚ ਨਵੇਂ ਰੰਗ ਦਿਖਾਈ ਦੇ ਰਹੇ ਹਨ ਅਤੇ ਸਿਆਸੀ ਖਾਹਿਸ਼ਾਂ ਖੂਨ ਦੇ ਰਿਸ਼ਤਿਆਂ ‘ਤੇ ਭਾਰੀ ਪੈਣ ਲੱਗੀਆਂ ਹਨ। ਮੰਡੀ ਦੇ ਧਰਮਪੁਰ ਤੋਂ ਅੱਠ ਵਾਰ ਵਿਧਾਇਕ ਰਹੇ ਜਲ ਸ਼ਕਤੀ ਮੰਤਰੀ ਮਹੇਂਦਰ ਸਿੰਘ ਨੂੰ ਆਪਣੀ ਹੀ ਧੀ ਦੀ ਬਗਾਵਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਹੇਂਦਰ ਸਿੰਘ ਦੇ ਪੁੱਤਰ ਰਜਤ ਠਾਕੁਰ ਨੂੰ ਭਾਰਤੀ ਜਨਤਾ ਪਾਰਟੀ ਵੱਲੋਂ ਟਿਕਟ ਦਿੱਤੀ ਗਈ ਹੈ ਅਤੇ ਇਸ ਦਾ ਮਹੇਂਦਰ ਸਿੰਘ ਦੀ ਧੀ ਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਵੰਦਨਾ ਗੁਲੇਰੀਆ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਠਾਕੁਰ ਨੂੰ ਉਮੀਦਵਾਰ ਐਲਾਨੇ ਜਾਣ ਦੇ ਵਿਰੋਧ ‘ਚ ਵੰਦਨਾ ਨੇ ਸੋਸ਼ਲ ਮੀਡੀਆ ‘ਤੇ ਟਿੱਪਣੀ ਕੀਤੀ, ‘ਦਿੱਲੀ ਤੋਂ ਟਿਕਟ ਮਿਲ ਸਕਦੀ ਹੈ, ਵੋਟਾਂ ਨਹੀਂ।’ ਉਨ੍ਹਾਂ ਹਮੇਸ਼ਾ ਲੜਕੀਆਂ ਦੀ ਕੁਰਬਾਨੀ ਲਏ ਜਾਣ ਦੀ ਪਿਰਤ ‘ਤੇ ਸਵਾਲ ਚੁੱਕਿਆ ਹੈ। ਵੰਦਨਾ ਦੀ ਇਸ ਟਿੱਪਣੀ ਨਾਲ ਸੋਸ਼ਲ ਮੀਡੀਆ ‘ਤੇ ਬਹਿਸ ਛਿੜ ਗਈ ਹੈ। ਮਹੇਂਦਰ ਸਿੰਘ ਵੱਲੋਂ ਧੀ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਤੇ ਦੂਜੇ ਪਾਸੇ ਅਜਿਹੀਆਂ ਕਿਆਸਰਾਈਆਂ ਵੀ ਹਨ ਕਿ ਵੰਦਨਾ ਆਪਣੇ ਭਰਾ ਖ਼ਿਲਾਫ਼ ਚੋਣ ਮੈਦਾਨ ‘ਚ ਉੱਤਰ ਸਕਦੀ ਹੈ। ਇਸ ਤਰ੍ਹਾਂ ਧਰਮਪੁਰ ਸੀਟ ਤੋਂ ਇਹ ਧਰਮਸੰਕਟ ਖੜ੍ਹਾ ਹੋ ਗਿਆ ਹੈ। ਅਜਿਹੀ ਹੀ ਸਮੱਸਿਆ ਦਾ ਸਾਹਮਣਾ ਸਾਬਕਾ ਰਾਜ ਸਭਾ ਮੈਂਬਰ ਤੇ ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਮਹੇਸ਼ਵਰ ਸਿੰਘ ਦੇ ਪਰਿਵਾਰ ਨੂੰ ਕਰਨਾ ਪੈ ਰਿਹਾ ਹੈ। ਮਹੇਸ਼ਵਰ ਸਿੰਘ ਨੂੰ ਕੁੱਲੂ (ਸਦਰ) ਤੋਂ ਭਾਜਪਾ ਦੀ ਟਿਕਟ ਮਿਲਣ ਨਾਲ ਉਨ੍ਹਾਂ ਦੇ ਪੁੱਤਰ ਹਿਤੇਸ਼ਵਰ ਸਿੰਘ ਦਾ ਨਾਲ ਲੱਗਦੇ ਬੰਜਾਰ ਹਲਕੇ ਤੋਂ ਚੋਣ ਲੜਨ ਦਾ ਸੁਫ਼ਨਾ ਟੁੱਟ ਗਿਆ ਕਿਉਂਕਿ ਭਾਜਪਾ ਦੇ ਨਿਯਮਾਂ ਅਨੁਸਾਰ ਇਕ ਪਰਿਵਾਰ ‘ਚੋਂ ਇਕ ਵਿਅਕਤੀ ਨੂੰ ਹੀ ਟਿਕਟ ਮਿਲ ਸਕਦੀ ਹੈ। ਹਿਤੇਸ਼ਵਰ ਨੂੰ ਉਨ੍ਹਾਂ ਦੇ ਪਿਤਾ ਨੇ ਟਿਕਟ ਲਈ ਆਪਣਾ ਦਾਅਵਾ ਪੇਸ਼ ਨਾ ਕਰਨ ਲਈ ਮਨਾ ਲਿਆ ਹੈ, ਪਰ ਆਪਣੇ ਹਮਾਇਤੀਆਂ ਦੇ ਦਬਾਅ ਹੇਠ ਆ ਕੇ ਹਿਤੇਸ਼ਵਰ ਨੇ ਬੰਜਾਰ ਹਲਕੇ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦਾ ਫ਼ੈਸਲਾ ਕੀਤਾ ਹੈ। ਮਹੇਸ਼ਵਰ, ਉਨ੍ਹਾਂ ਦੀ ਪਤਨੀ ਤੇ ਪਰਿਵਾਰ ਦੇ ਹੋਰ ਮੈਂਬਰਾਂ ਵੱਲੋਂ ਹਿਤੇਸ਼ਵਰ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸੇ ਦੌਰਾਨ ਸਾਬਕਾ ਮੰਤਰੀ ਕਰਨ ਸਿੰਘ ਦੇ ਪੁੱਤਰ ਤੇ ਮਹੇਸ਼ਵਰ ਸਿੰਘ ਦੇ ਭਤੀਜੇ ਆਦਿੱਤਿਆ ਵਿਕਰਮ ਸਿੰਘ ਨੇ ਟਿਕਟ ਨਾ ਮਿਲਣ ਦੇ ਰੋਸ ਵਜੋਂ ਕਾਂਗਰਸ ਛੱਡ ਦਿੱਤੀ ਹੈ। ਭਾਜਪਾ ‘ਚ ਸ਼ਾਮਲ ਹੋ ਕੇ ਉਹ ਹੁਣ ਆਪਣੇ ਭਰਾ ਹਿਤੇਸ਼ਵਰ ਖ਼ਿਲਾਫ਼ ਪ੍ਰਚਾਰ ਕਰਦੇ ਹੋਏ ਦਿਖਾਈ ਦੇ ਸਕਦੇ ਹਨ। ਇਸੇ ਤਰ੍ਹਾਂ ਸੋਲਨ ਹਲਕੇ ‘ਚ ਕਾਂਗਰਸੀ ਉਮੀਦਵਾਰ ਤੇ ਮੌਜੂਦਾ ਵਿਧਾਇਕ ਧਨੀ ਰਾਮ ਸ਼ਾਂਡਿਲ ਆਪਣੇ ਜਵਾਈ ਤੇ ਭਾਜਪਾ ਉਮੀਦਵਾਰ ਡਾ. ਰਾਜੇਸ਼ ਕਸ਼ਯਪ ਖ਼ਿਲਾਫ਼ ਮੈਦਾਨ ‘ਚ ਨਿੱਤਰਨਗੇ, ਹਾਲਾਂਕਿ ਪਰਿਵਾਰ ਲਈ ਇਹ ਕੋਈ ਨਵੀਂ ਗੱਲ ਨਹੀਂ ਹੈ ਕਿਉਂਕਿ ਰਿਸ਼ਤੇ ‘ਚ ਸਹੁਰਾ-ਜਵਾਈ ਲੱਗਦੇ ਦੋਵੇਂ ਉਮੀਦਵਾਰ ਸਾਲ 2017 ਦੀਆਂ ਚੋਣਾਂ ਮੌਕੇ ਵੀ ਇਕ ਦੂਜੇ ਦੇ ਰਵਾਇਤੀ ਵਿਰੋਧੀ ਸਨ।