ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ‘ਤੇ ਹਰ ਸਾਲ ਵੱਡੀ ਗਿਣਤੀ ਸ਼ਰਧਾਲੂ ਜਾਂਚੇ ਹਨ ਅਤੇ 19 ਕਿਲੋਮੀਟਰ ਦੀ ਤਿੱਖੀ ਚੜ੍ਹਾਈ ਵਾਲਾ ਰਸਤਾ ਪੂਰਾ ਕਰਨ ‘ਚ ਦੋ ਦਿਨ ਲੱਗੇ ਹਨ ਜੋ ਹੁਣ ਰੋਪਵੇਅ ਬਣਨ ਨਾਲ ਸਿਰਫ 45 ਮਿੰਟਾਂ ‘ਚ ਪੂਰਾ ਕੀਤਾ ਜਾ ਸਕੇਗਾ। ਰੋਪਵੇਅ ਮਾਰਗ ਤਿਆਰ ਹੋਣ ਨਾਲ ਜਿੱਥੇ ਸਮਾਂ ਬਚੇਗਾ, ਉਥੇ ਬਜ਼ੁਰਗ, ਬੱਚੇ, ਔਰਤਾਂ ਅਤੇ ਹਰ ਉਮਰ ਦੇ ਸ਼ਰਧਾਲੂ ਦਰਸ਼ਨ ਕਰ ਸਕਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉੱਤਰਾਖੰਡ ‘ਚ ਲਗਭਗ 15 ਹਜ਼ਾਰ ਫੁੱਟ ਦੀ ਉਚਾਈ ‘ਤੇ ਸਥਾਪਤ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਵਿਖੇ ਰੋਪਵੇਅ ਬਣਨ ਦਾ ਨੀਂਹ ਪੱਥਰ ਰੱਖਿਆ। ਕਰੀਬ 1163 ਕਰੋੜ ਰੁਪਏ ਨਾਲ ਤਿਆਰ ਹੋਣ ਵਾਲੇ ਇਸ ਰੋਪਵੇਅ ਨਾਲ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਆਸਾਨ ਹੋ ਜਾਵੇਗੀ ਜਿਸ ਦਾ ਲਾਭ ਦੇਸ਼ ਦੀ ਸੰਗਤ ਤੋਂ ਇਲਾਵਾ ਇਸ ਯਾਤਰਾ ‘ਤੇ ਆਉਣ ਵਾਲੇ ਪਰਵਾਸੀ ਪੰਜਾਬੀਆਂ ਨੂੰ ਵੀ ਹੋਵੇਗਾ। ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਮੀਤ ਚੇਅਰਮੈਨ ਨਰਿੰਦਰਜੀਤ ਸਿੰਘ ਬਿੰਦਰਾ ਅਤੇ ਗੁਰਦੁਆਰਾ ਗੋਬਿੰਦ ਘਾਟ ਦੇ ਮੈਨੇਜਰ ਸੇਵਾ ਸਿੰਘ ਨੇ ਦੱਸਿਆ ਕਿ ਸਮਾਗਮ ਦੌਰਾਨ ਉਨ੍ਹਾਂ ਪ੍ਰਧਾਨ ਮੰਤਰੀ ਨੂੰ ਅਗਲੇ ਵਰ੍ਹੇ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਲਈ ਆਉਣ ਦਾ ਸੱਦਾ ਦਿੱਤਾ ਹੈ ਜਿਸ ਨੂੰ ਉਨ੍ਹਾਂ ਪ੍ਰਵਾਨ ਕਰ ਲਿਆ ਹੈ। ਨੀਂਹ ਪੱਥਰ ਰੱਖਣ ਦੌਰਾਨ ਪ੍ਰਧਾਨ ਮੰਤਰੀ ਨੇ ਕਿਹਾ ਕਿ ਹੇਮਕੁੰਟ ਸਾਹਿਬ ਗੁਰਦੁਆਰੇ ਤੱਕ ਪਹੁੰਚ ਲਈ ਰੋਪਵੇਅ ਦਾ ਲਾਭ ਨਾ ਸਿਰਫ਼ ਦੇਸ਼ ਸਗੋਂ ਕੈਨੇਡਾ, ਅਮਰੀਕਾ, ਇੰਗਲੈਂਡ, ਜਰਮਨੀ ਆਦਿ ਦੇ ਸਿੱਖਾਂ ਨੂੰ ਵੀ ਹੋਵੇਗਾ। ਉਨ੍ਹਾਂ ਸਥਾਨਕ ਲੋਕਾਂ ਨੂੰ ਰੋਪਵੇਅ ਪ੍ਰਾਜੈਕਟਾਂ ਦੀ ਉਸਾਰੀ ‘ਚ ਲੱਗੇ ਮਜ਼ਦੂਰਾਂ ਦੀ ਹਮਾਇਤ ਕਰਨ ਦੀ ਅਪੀਲ ਕੀਤੀ ਅਤੇ ਕਿਹਾ ਕਿ ਉਹ ਪਰਮਾਤਮਾ ਦੀ ਸੇਵਾ ‘ਚ ਲੱਗੇ ਹੋਏ ਹਨ। ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਲਈ ਰੋਪਵੇਅ ਦਾ ਰਾਹ ਪੱਧਰਾ ਹੋਣ ‘ਤੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਤਰਲੋਚਨ ਸਿੰਘ ਨੇ ਸ਼ਲਾਘਾ ਕੀਤੀ ਹੈ। ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪੂਰਬਲੇ ਜਨਮ ‘ਚ ਉਨ੍ਹਾਂ ਦੇ ਤਪ ਅਸਥਾਨ ਵਜੋਂ ਜਾਣੇ ਜਾਂਦੇ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਤੱਕ ਪਹੁੰਚਣ ਲਈ ਰਾਹ ਸੁਖਾਲਾ ਕਰਨ ਵਾਸਤੇ ਪਿਛਲੇ ਇਕ ਦਹਾਕੇ ਤੋਂ ਯਤਨ ਕੀਤੇ ਜਾ ਰਹੇ ਸਨ। ਸਾਲ 2016 ‘ਚ ਗੁਰਦੁਆਰਾ ਗੋਬਿੰਦ ਘਾਟ ਤੋਂ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਲਈ ਲਗਪਗ ਛੇ ਕਿਲੋਮੀਟਰ ਦੇ ਰਸਤੇ ਵਾਸਤੇ ਰੋਪਵੇਅ ਦੀ ਯੋਜਨਾ ਤਿਆਰ ਹੋਈ ਸੀ। ਇਸ ਸਬੰਧ ‘ਚ ਹਰ ਵਿਭਾਗ ਕੋਲੋਂ ਐੱਨ.ਓ.ਸੀ. ਵੀ ਲੈ ਲਈ ਗਈ ਸੀ ਪਰ ਐਨ ਆਖਰੀ ਮੌਕੇ ‘ਤੇ ਇਹ ਯੋਜਨਾ ਠੰਢੇ ਬਸਤੇ ‘ਚ ਪੈ ਗਈ ਸੀ। ਬਿੰਦਰਾ ਨੇ ਦੱਸਿਆ ਕਿ ਪ੍ਰਸਤਾਵਿਤ ਰੋਪਵੇਅ ਯੋਜਨਾ ਤਹਿਤ ਕਰੀਬ ਸਾਢੇ 12 ਕਿਲੋਮੀਟਰ ਦਾ ਰੋਪਵੇਅ ਤਿਆਰ ਹੋਵੇਗਾ ਅਤੇ ਇਹ ਰਸਤਾ ਸਿਰਫ 45 ਮਿੰਟਾਂ ‘ਚ ਪੂਰਾ ਕੀਤਾ ਜਾ ਸਕੇਗਾ। ਇਸ ਵੇਲੇ ਲਗਪਗ 19 ਕਿਲੋਮੀਟਰ ਦੀ ਤਿੱਖੀ ਚੜ੍ਹਾਈ ਵਾਲਾ ਇਹ ਰਸਤਾ ਦੋ ਦਿਨਾਂ ‘ਚ ਯਾਤਰੂਆਂ ਵੱਲੋਂ ਪੂਰਾ ਕੀਤਾ ਜਾਂਦਾ ਹੈ। ਇਹ ਯੋਜਨਾ 2024 ਤੱਕ ਮੁਕੰਮਲ ਹੋਣ ਦੀ ਸੰਭਾਵਨਾ ਹੈ। ਮੀਤ ਚੇਅਰਮੈਨ ਨੇ ਦੱਸਿਆ ਕਿ ਇਸ ਯੋਜਨਾ ਸਬੰਧੀ ਟੈਂਡਰ ਪ੍ਰਕਿਰਿਆ ਜਨਵਰੀ ਤੱਕ ਮੁਕੰਮਲ ਹੋ ਜਾਵੇਗੀ।