21 ਮੈਂਬਰੀ ਕੋਆਰਡੀਨੇਸ਼ਨ ਕਮੇਟੀ ਬਣਾਉਣ ਸਮੇਤ ਕਈ ਹੋਰ ਬਿਆਨ ਦਾਗਣ ਵਾਲੇ ਤੇਜ਼ ਤਰਾਰ ਨੇਤਾ ਸਮਝੇ ਜਾਂਦੇ ਜਗਮੀਤ ਸਿੰਘ ਬਰਾੜ ਖ਼ਿਲਾਫ਼ ਸ਼੍ਰੋਮਣੀ ਅਕਾਲੀ ਦਲ ਵੱਡੀ ਕਾਰਵਾਈ ਦੇ ਰੌਂਅ ‘ਚ ਜਾਪਦਾ ਹੈ। ਇਸ ਲਈ ਬਾਕਾਇਦਾ ਪਾਰਟੀ ਵੱਲੋਂ ਜਗਮੀਤ ਬਰਾੜ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ ਅਤੇ ਇਕ ਹਫਤੇ ਦੇ ਅੰਦਰ ਜਵਾਬ ਮੰਗਿਆ ਗਿਆ ਹੈ। ਇਹ ਨੋਟਿਸ ਪਾਰਟੀ ਵਿਰੋਧੀ ਗਤੀਵਿਧੀਆਂ, ਲਗਾਤਾਰ ਪਾਰਟੀ ਵਿਰੋਧੀ ਦਿੱਤੇ ਜਾ ਰਹੇ ਬਿਆਨਾਂ ਦੇ ਚੱਲਦੇ ਜਾਰੀ ਕੀਤਾ ਗਿਆ ਹੈ। ਇਸ ਨੋਟਿਸ ‘ਚ ਕਿਹਾ ਗਿਆ ਹੈ ਕਿ ਜੇਕਰ ਜਵਾਬ ਨਾ ਦਿੱਤਾ ਗਿਆ ਤਾਂ ਉਨ੍ਹਾਂ ਖ਼ਿਲਾਫ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ। ਇਹ ਕਾਰਨ ਦੱਸੋ ਨੋਟਿਸ ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਦੇ ਚੇਅਰਮੈਨ ਸਿਕੰਦਰ ਸਿੰਘ ਮਲੂਕਾ ਨੇ ਜਾਰੀ ਕੀਤਾ ਹੈ। ਇਥੇ ਇਹ ਖਾਸ ਤੌਰ ‘ਤੇ ਦੱਸਣਯੋਗ ਹੈ ਕਿ ਜਗਮੀਤ ਬਰਾੜ ਵਲੋਂ ਲਗਾਤਾਰ ਪਾਰਟੀ ਵਿਰੋਧੀ ਨਾ ਸਿਰਫ ਬਿਆਨਬਾਜ਼ੀ ਕੀਤੀ ਜਾ ਰਹੀ ਸੀ ਸਗੋਂ ਪਾਰਟੀ ਲੀਡਰਿਸ਼ਪ ‘ਤੇ ਵੀ ਸਵਾਲ ਚੁੱਕੇ ਜਾ ਰਹੇ ਸਨ, ਜਿਸ ਨੂੰ ਲੈ ਕੇ ਪਾਰਟੀ ਅੰਦਰ ਚਰਚਾ ਚੱਲ ਰਹੀ ਸੀ। ਹੁਣ ਜਦੋਂ ਅਕਾਲੀ ਦਲ ਨੇ ਸਖ਼ਤ ਐਕਸ਼ਨ ਲੈਂਦੇ ਹੋਏ ਬਰਾੜ ਨੂੰ ਇਕ ਹਫਤੇ ‘ਚ ਜਵਾਬ ਦੇਣ ਲਈ ਆਖਿਆ ਹੈ ਤਾਂ ਦੇਖਣਾ ਇਹ ਹੋਵੇਗਾ ਕਿ ਜਗਮੀਤ ਬਰਾੜ ਦਾ ਇਸ ‘ਤੇ ਕੀ ਪ੍ਰਤੀਕਰਮ ਹੁੰਦਾ ਹੈ। ਦੱਸਣਯੋਗ ਹੈ ਕਿ ਜਗਮੀਤ ਬਰਾੜ ਨੇ 10 ਅਕਤੂਬਰ ਨੂੰ ਕੋਆਰਡੀਨੇਸ਼ਨ ਕਮੇਟੀ ਦਾ ਐਲਾਨ ਕੀਤਾ ਸੀ। ਬਰਾੜ ਨੇ 21 ਮੈਂਬਰੀ ਕੋਆਰਡੀਨੇਸ਼ਨ ਕਮੇਟੀ ਦਾ ਗਠਨ ਕੀਤਾ ਸੀ। ਇਸ ਕਮੇਟੀ ‘ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਤੋਂ ਇਲਾਵਾ ਸੁਖਬੀਰ ਸਿੰਘ ਬਾਦਲ, ਸੁਖਦੇਵ ਸਿੰਘ ਢੀਂਡਸਾ, ਸਿਮਰਨਜੀਤ ਸਿੰਘ ਮਾਨ, ਬਲਵਿੰਦਰ ਸਿੰਘ ਭੂੰਦੜ, ਰਵੀਇੰਦਰ ਸਿੰਘ, ਚਰਨਜੀਤ ਸਿੰਘ ਅਟਵਾਲ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਤੋਂ ਇਲਾਵਾ 11 ਹੋਰ ਵੱਡੇ ਆਗੂਆਂ ਨੂੰ ਸ਼ਾਮਲ ਕੀਤਾ ਗਿਆ ਹੈ।