ਇੰਡੀਆ ਦੀ ਸਟਾਰ ਬੈਡਮਿੰਟਨ ਖਿਡਾਰਨ ਅਤੇ ਦੋ ਵਾਰ ਦੀ ਓਲੰਪਿਕ ਤਗ਼ਮਾ ਜੇਤੂ ਪੀ.ਵੀ. ਸਿੰਧੂ ਅਤੇ ਥਾਮਸ ਕੱਪ ਜੇਤੂ ਟੀਮ ਦਾ ਹਿੱਸਾ ਐੱਚ.ਐੱਸ. ਪ੍ਰਨੌਏ ਮਹਿਲਾ ਅਤੇ ਪੁਰਸ਼ ਸਿੰਗਲਜ਼ ਦੀ ਬੀ.ਡਬਲਿਊ.ਐੱਫ. ਦਰਜਾਬੰਦੀ ‘ਚ ਇਕ-ਇਕ ਸਥਾਨ ਉਪਰ ਕ੍ਰਮਵਾਰ ਪੰਜਵੇਂ ਅਤੇ 12ਵੇਂ ਸਥਾਨ ‘ਤੇ ਪਹੁੰਚ ਗਏ ਹਨ। ਅਗਸਤ ‘ਚ ਕਾਮਨਵੈਲਥ ਗੇਮਜ਼ ਦੌਰਾਨ ਸਿੰਧੂ ਜ਼ਖ਼ਮੀ ਹੋ ਗਈ ਸੀ। ਉਸ ਤੋਂ ਬਾਅਦ ਉਸ ਨੇ ਹਾਲੇ ਤੱਕ ਕਿਸੇ ਟੂਰਨਾਮੈਂਟ ‘ਚ ਹਿੱਸਾ ਨਹੀਂ ਲਿਆ। 26 ਟੂਰਨਾਮੈਂਟਾਂ ‘ਚ ਉਸ ਦੇ 87218 ਅੰਕ ਹਨ। ਵਿਸ਼ਵ ਦੀ ਸਾਬਕਾ ਨੰਬਰ ਦੋ ਖਿਡਾਰਨ ਸਿੰਧੂ ਨੇ ਤਿੰਨ ਸਾਲ ਬਾਅਦ ਸਿਖਰਲੇ ਪੰਜ ‘ਚ ਮੁੜ ਜਗ੍ਹਾ ਬਣਾਈ ਹੈ। ਉਸ ਨੇ ਸੱਟ ਤੋਂ ਉਭਰਨ ਮਗਰੋਂ ਸੋਮਵਾਰ ਨੂੰ ਦੁਬਾਰਾ ਅਭਿਆਸ ਸ਼ੁਰੂ ਕੀਤਾ ਹੈ। ਇਸੇ ਤਰ੍ਹਾਂ ਪ੍ਰਨੌਏ ਦੇ 26 ਟੂਰਨਾਮੈਂਟਾਂ ‘ਚ 64330 ਅੰਕ ਹਨ। ਰਾਸ਼ਟਰਮੰਡਲ ਖੇਡਾਂ ਦਾ ਚੈਂਪੀਅਨ ਲਕਸ਼ੈ ਸੇਨ ਅਤੇ ਕਾਂਸੇ ਦਾ ਤਗ਼ਮਾ ਜੇਤੂ ਕਿਦਾਂਬੀ ਸ਼੍ਰੀਕਾਂਤ ਕ੍ਰਮਵਾਰ ਅੱਠਵੇਂ ਅਤੇ 11ਵੇਂ ਸਥਾਨ ‘ਤੇ ਹਨ। ਬਰਮਿੰਘਮ ਖੇਡਾਂ ‘ਚ ਸੋਨ ਤਗ਼ਮਾ ਜਿੱਤਣ ਵਾਲੀ ਸਾਤਵਿਕਸਾਈਰਾਜ ਰੰਕੀਰੈੱਡੀ ਅਤੇ ਚਿਰਾਗ ਸ਼ੈਟੀ ਦੀ ਪੁਰਸ਼ ਡਬਲਜ਼ ਜੋੜੀ ਵੀ ਅੱਠਵੇਂ ਸਥਾਨ ‘ਤੇ ਬਰਕਰਾਰ ਹੈ। ਐੱਮ.ਆਰ. ਅਰਜੁਨ ਅਤੇ ਧਰੁਵ ਕਪਿਲਾ ਪੁਰਸ਼ ਡਬਲਜ਼ ਰੈਂਕਿੰਗ ‘ਚ ਦੋ ਸਥਾਨ ਉਪਰ 19ਵੇਂ ਸਥਾਨ ‘ਤੇ ਪਹੁੰਚ ਗਏ ਹਨ। ਤ੍ਰਿਸ਼ਾ ਜੌਲੀ ਅਤੇ ਗਾਇਤਰੀ ਗੋਪੀਚੰਦ ਦੀ ਮਹਿਲਾ ਡਬਲਜ਼ ਜੋੜੀ ਤੇ ਈਸ਼ਾਨ ਭਟਨਾਗਰ ਅਤੇ ਤਨੀਸ਼ਾ ਕ੍ਰਾਸਟੋ ਦੀ ਮਹਿਲਾ ਡਬਲਜ਼ ਜੋੜੀ ਕ੍ਰਮਵਾਰ 27ਵੇਂ ਅਤੇ 29ਵੇਂ ਦਰਜੇ ‘ਤੇ ਪਹੁੰਚ ਗਈਆਂ ਹਨ। ਉਧਰ ਅਸ਼ਵਨੀ ਪੋਨੱਪਾ ਅਤੇ ਐੱਨ ਸਿੱਕੀ ਰੈੱਡੀ ਦੀ ਮਹਿਲਾ ਡਬਲਜ਼ ਜੋੜੀ 24ਵੇਂ ਸਥਾਨ ‘ਤੇ ਖਿਸਕ ਗਈ ਹੈ। ਇਸੇ ਤਰ੍ਹਾਂ ਸਾਇਨਾ ਨੇਹਵਾਲ ਵੀ ਮਹਿਲਾ ਸਿੰਗਲਜ਼ ‘ਚ ਇਕ ਸਥਾਨ ਹੇਠਾਂ 33ਵੇਂ ਸਥਾਨ ‘ਤੇ ਆ ਗਈ ਹੈ।