ਸਪੇਨ ਤੇ ਨਿਊਜ਼ੀਲੈਂਡ ਖ਼ਿਲਾਫ਼ ਭੁਬਨੇਸ਼ਵਰ ‘ਚ ਹੋਣ ਵਾਲੇ ਐੱਫ.ਆਈ.ਐੱਚ. ਪ੍ਰੋ ਲੀਗ ਮੈਚਾਂ ਲਈ ਹਰਮਨਪ੍ਰੀਤ ਸਿੰਘ 22 ਮੈਂਬਰੀ ਭਾਰਤੀ ਮਰਦ ਹਾਕੀ ਟੀਮ ਦੇ ਕਪਤਾਨ ਨਿਯੁਕਤ ਕੀਤੇ ਗਏ ਹਨ। ਮਨਪ੍ਰੀਤ ਸਿੰਘ ਨੂੰ ਉਪ-ਕਪਰਤਾਨ ਨਿਯੁਕਤ ਕੀਤਾ ਗਿਆ ਹੈ। ਇੰਡੀਆ ਆਪਣੀ ਮੁਹਿੰਮ ਦੀ ਸ਼ੁਰੂਆਤ 28 ਅਕਤੂਬਰ ਨੂੰ ਨਿਊਜ਼ੀਲੈਂਡ ਖ਼ਿਲਾਫ਼ ਕਰੇਗਾ ਤੇ ਫਿਰ 30 ਅਕਤੂਬਰ ਨੂੰ ਸਪੇਨ ਨਾਲ ਭਿੜੇਗਾ। ਭਾਰਤੀ ਟੀਮ ਆਪਣੇ ਦੂਜੇ ਮੈਚ ‘ਚ ਨਿਊਜ਼ੀਲੈਂਡ ਖ਼ਿਲਾਫ਼ ਚਾਰ ਨਵੰਬਰ ਤੇ ਸਪੇਨ ਖ਼ਿਲਾਫ਼ ਛੇ ਨਵੰਬਰ ਨੂੰ ਖੇਡੇਗੀ। ਮੁੱਖ ਕੋਚ ਗ੍ਰਾਹਮ ਰੀਡ ਨੇ ਕਿਹਾ ਹੈ ਕਿ ਅਸੀਂ ਟੀਮ ‘ਚ ਵੱਧ ਤੋਂ ਵੱਧ ਖਿਡਾਰੀਆਂ ਦੀ ਅਗਵਾਈ ਦੀ ਯੋਗਤਾ ਨੂੰ ਨਿਖਾਰਨ ਦਾ ਕੰਮ ਜਾਰੀ ਰੱਖਿਆ ਹੋਇਆ ਹੈ ਤੇ ਇਸ ਲਈ ਹਰਮਨਪ੍ਰੀਤ ਸਿੰਘ ਨੂੰ ਪਹਿਲੇ ਚਾਰ ਮੈਚਾਂ ਲਈ ਕਪਤਾਨ ਨਿਯੁਕਤ ਕੀਤਾ ਗਿਆ ਹੈ। ਟੀਮ ‘ਚ ਮੁਹੰਮਦ ਰਾਹਿਲ ਮੌਸੀਨ ਤੇ ਐੱਸ ਕਾਰਤੀ ਦੇ ਰੂਪ ‘ਚ ਦੋ ਨਵੇਂ ਚਿਹਰੇ ਵੀ ਸ਼ਾਮਲ ਹਨ। ਰੀਡ ਨੇ ਕਿਹਾ ਕਿ ਅਸੀਂ ਪ੍ਰੋ ਲੀਗ ਦੇ ਪਹਿਲੇ ਦੋ ਮੈਚਾਂ ਲਈ ਤਜਰਬੇਕਾਰ ਟੀਮ ਦੀ ਚੋਣ ਕੀਤੀ ਹੈ। ਟੀਮ ‘ਚ ਗੋਲਕੀਪਰ ਕ੍ਰਿਸ਼ਣ ਬਹਾਦੁਰ ਪਾਠਕ ਤੇ ਪੀ.ਆਰ. ਸ਼੍ਰੀਜੇਸ਼ ਸ਼ਾਮਲ ਹਨ। ਰੱਖਿਆ ਕਤਾਰ ‘ਚ ਜਰਮਨਪ੍ਰੀਤ ਸਿੰਘ, ਸੁਰਿੰਦਰ ਕੁਮਾਰ, ਹਰਮਨਪ੍ਰੀਤ ਸਿੰਘ, ਅਮਿਤ ਰੋਹੀਦਾਸ, ਜੁਗਰਾਜ ਸਿੰਘ, ਮਨਦੀਪ ਮੋਰ ਤੇ ਨੀਲਮ ਸੰਜੀਵ ਜੇਸ ਨੂੰ ਚੁਣਿਆ ਗਿਆ ਹੈ। ਸੁਮਿਤ, ਮਨਪ੍ਰੀਤ ਸਿੰਘ, ਹਾਰਦਿਕ ਸਿੰਘ, ਮੋਇਰੰਗਥੇਮ ਰਬੀਚੰਦਰ ਸਿੰਘ, ਸ਼ਮਸ਼ੇਰ ਸਿੰਘ, ਰਾਜ ਕੁਮਾਰ ਪਾਲ ਤੇ ਮੁਹੰਮਦ ਰਾਹਿਲ ਮੌਸੀਨ ਮੱਧ ਕਤਾਰ ਦੀ ਜ਼ਿੰਮੇਵਾਰੀ ਸੰਭਾਲਣਗੇ। ਫਾਰਵਰਡ ਲਾਈਨ ‘ਚ ਮਨਦੀਪ ਸਿੰਘ, ਦਿਲਪ੍ਰੀਤ ਸਿੰਘ, ਅਭਿਸ਼ੇਕ, ਐੱਸ ਕਾਰਤੀ ਤੇ ਸੁਖਜੀਤ ਸਿੰਘ ਸ਼ਾਮਲ ਹਨ। ਸਾਰੇ ਮੈਚ ਕਲਿੰਗ ਹਾਕੀ ਸਟੇਡੀਅਮ ‘ਚ ਹੋਣਗੇ ਜੋ ਅਗਲੇ ਸਾਲ ਜਨਵਰੀ ‘ਚ ਮਰਦ ਵਰਲਡ ਕੱਪ ਦੀ ਵੀ ਮੇਜ਼ਬਾਨੀ ਕਰੇਗਾ।