ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਇਤਿਹਾਸਕ ਫ਼ੈਸਲਾ ਲੈਂਦਿਆਂ ਆਪਣੇ ਇਕਰਾਰਨਾਮੇ ਵਾਲੇ ਪੁਰਸ਼ ਅਤੇ ਮਹਿਲਾ ਕ੍ਰਿਕਟਰਾਂ ਨੂੰ ਬਰਾਬਰ ਮੈਚ ਫੀਸ ਦੇਣ ਦਾ ਐਲਾਨ ਕੀਤਾ ਹੈ ਤਾਂ ਜੋ ਦੇਸ਼ ਦੀ ਸਭ ਤੋਂ ਮਕਬੂਲ ਖੇਡ ਕ੍ਰਿਕਟ ‘ਚ ਲਿੰਗ ਸਮਾਨਤਾ ਨੂੰ ਉਤਸ਼ਾਹਿਤ ਕੀਤਾ ਜਾ ਸਕੇ। ਨਵੇਂ ਪ੍ਰਬੰਧ ਤਹਿਤ ਭਾਰਤੀ ਮਹਿਲਾ ਕ੍ਰਿਕਟਰਾਂ ਨੂੰ ਹੁਣ ਪੁਰਸ਼ਾਂ ਦੇ ਬਰਾਬਰ ਟੈਸਟ ਲਈ 15 ਲੱਖ ਰੁਪਏ, ਇਕ ਰੋਜ਼ਾ ਮੈਚਾਂ ਲਈ 6 ਲੱਖ ਰੁਪਏ ਅਤੇ ਟੀ-20 ਮੁਕਾਬਲੇ ਲਈ ਤਿੰਨ ਲੱਖ ਰੁਪਏ ਮਿਲਣਗੇ। ਇਸ ਤੋਂ ਪਹਿਲਾਂ ਮਹਿਲਾ ਕ੍ਰਿਕਟਰਾਂ ਨੂੰ ਇਕ ਰੋਜ਼ਾ ਅਤੇ ਟੀ-20 ਮੈਚਾਂ ਲਈ ਸਿਰਫ਼ ਇਕ-ਇਕ ਲੱਖ ਰੁਪਏ ਮਿਲਦੇ ਸਨ ਜਦਕਿ ਟੈਸਟ ਮੈਚ ਲਈ ਚਾਰ ਲੱਖ ਰੁਪਏ ਦਿੱਤੇ ਜਾਂਦੇ ਸਨ। ਇਹ ਫ਼ੈਸਲਾ ਬੀ.ਸੀ.ਸੀ.ਆਈ. ਸਰਵਉੱਚ ਕਾਊਂਸਿਲ ਦੀ ਮੀਟਿੰਗ ਦੌਰਾਨ ਲਿਆ ਗਿਆ। ਕੌਮਾਂਤਰੀ ਕ੍ਰਿਕਟ ‘ਚ ਨਿਊਜ਼ੀਲੈਂਡ ਤੋਂ ਬਾਅਦ ਭਾਰਤ ਦੂਜਾ ਮੁਲਕ ਬਣ ਗਿਆ ਹੈ ਜਿਥੇ ਪੁਰਸ਼ ਅਤੇ ਮਹਿਲਾ ਖਿਡਾਰੀਆਂ ਦੀ ਮੈਚ ਫੀਸ ਇਕ ਸਮਾਨ ਹੋਵੇਗੀ। ਬੀ.ਸੀ.ਸੀ.ਆਈ. ਦੇ ਪ੍ਰਧਾਨ ਰੌਜਰ ਬਿੰਨੀ ਨੇ ਕਿਹਾ, ‘ਇਸ ਫ਼ੈਸਲੇ ਨਾਲ ਕ੍ਰਿਕਟ ਨੂੰ ਵਿਕਸਤ ਕਰਨ ਦਾ ਰਾਹ ਪੱਧਰਾ ਹੋਵੇਗਾ। ਇਹ ਮਹਿਲਾ ਕ੍ਰਿਕਟ ਅਤੇ ਪੂਰੀ ਖੇਡ ਲਈ ਅਹਿਮ ਕਦਮ ਹੈ।’ ਸਕੱਤਰ ਜੈ ਸ਼ਾਹ ਨੇ ਕਿਹਾ ਕਿ ਵਿਤਕਰੇ ਨਾਲ ਨਜਿੱਠਣ ‘ਚ ਇਹ ਅਹਿਮ ਕਦਮ ਹੈ। ‘ਭਾਰਤੀ ਕ੍ਰਿਕਟ ਜਦੋਂ ਨਵੇਂ ਯੁੱਗ ‘ਚ ਦਾਖ਼ਲ ਹੋ ਰਹੀ ਹੈ ਤਾਂ ਇਹ ਇਤਿਹਾਸਕ ਫ਼ੈਸਲਾ ਹੈ।’ ਇਹ ਐਲਾਨ ਉਸ ਸਮੇਂ ਹੋਇਆ ਹੈ ਜਦੋਂ ਕੁਝ ਦਿਨ ਪਹਿਲਾਂ ਆਈ.ਪੀ.ਐੱਲ. ਚੇਅਰਮੈਨ ਅਰੁਣ ਧੂਮਲ, ਜੋ ਪਹਿਲਾਂ ਬੋਰਡ ਦੇ ਖ਼ਜ਼ਾਨਚੀ ਰਹੇ ਸਨ, ਨੇ ਕਿਹਾ ਸੀ ਕਿ ਬੀ.ਸੀ.ਸੀ.ਆਈ. ਖ਼ਜ਼ਾਨੇ ‘ਚ ਪਿਛਲੇ ਤਿੰਨ ਸਾਲਾਂ ‘ਚ ਕਰੀਬ 6 ਹਜ਼ਾਰ ਕਰੋੜ ਰੁਪਏ ਦਾ ਵਾਧਾ ਹੋਇਆ ਹੈ। ਮਹਿਲਾ ਅਤੇ ਪੁਰਸ਼ ਕ੍ਰਿਕਟਰਾਂ ਦੀ ਮੈਚ ਫੀਸ ਇਕ ਬਰਾਬਰ ਕਰਨ ਦੇ ਫ਼ੈਸਲੇ ਦਾ ਚੁਫੇਰਿਓਂ ਸਵਾਗਤ ਹੋਇਆ ਹੈ। ਕ੍ਰਿਕਟਰ ਮਿਤਾਲੀ ਰਾਜ ਨੇ ਇਸ ਕਦਮ ਨੂੰ ਇਤਿਹਾਸਕ ਕਰਾਰ ਦਿੰਦਿਆਂ ਕਿਹਾ ਕਿ ਇਹ ਮਹਿਲਾ ਕ੍ਰਿਕਟ ਲਈ ਨਵੀਂ ਸਵੇਰ ਹੈ। ਸਾਬਕਾ ਕ੍ਰਿਕਟਰ ਹਰਭਜਨ ਸਿੰਘ ਨੇ ਫ਼ੈਸਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਨਾਲ ਹੋਰ ਖੇਡਾਂ ‘ਚ ਵੀ ਮਹਿਲਾਵਾਂ ਨੂੰ ਪੁਰਸ਼ਾਂ ਦੇ ਬਰਾਬਰ ਫੀਸ ਮਿਲਣ ਦਾ ਰਾਹ ਪੱਧਰਾ ਹੋਵੇਗਾ। ਕਾਊਂਸਿਲ ਮੈਂਬਰ ਅਤੇ ਸਾਬਕਾ ਖਿਡਾਰੀ ਸ਼ਾਂਤਾ ਰੰਗਾਸਵਾਮੀ ਨੇ ਕਿਹਾ ਕਿ ਬੀ.ਸੀ.ਸੀ.ਆਈ. ਵੱਲੋਂ ਇਹ ਇਨਕਲਾਬੀ ਫ਼ੈਸਲਾ ਲਿਆ ਗਿਆ ਹੈ। ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ, ਸਚਿਨ ਤੇਂਦੁਲਕਰ ਨੇ ਵੀ ਇਸ ਫ਼ੈਸਲੇ ਦੀ ਸ਼ਲਾਘਾ ਕੀਤੀ ਹੈ।