ਪੰਜ ਮਹੀਨੇ ਪਹਿਲਾਂ 29 ਮਈ ਨੂੰ ਕਤਲ ਕੀਤੇ ਗਏ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕੇਸ ‘ਚ ਨਾਮਜ਼ਦ ਗੈਂਗਸਟਰ ਦੀਪਕ ਟੀਨੂ ਨੂੰ ਟਰਾਂਜ਼ਿਟ ਰਿਮਾਂਡ ‘ਤੇ ਲੈਣ ਵਾਸਤੇ ਦਿੱਲੀ ਗਈ ਪੰਜਾਬ ਪੁਲੀਸ ਦੀ ਟੀਮ ਨੂੰ ਇਕ ਵਾਰ ਫਿਰ ਖਾਲੀ ਹੱਥ ਮੁੜਨਾ ਪਿਆ ਹੈ। ਜ਼ਿਕਰਯੋਗ ਹੈ ਕਿ ਗੈਂਗਸਟਰ ਦੀਪਕ ਟੀਨੂ ਪਹਿਲੀ ਅਕਤੂਬਰ ਨੂੰ ਮਾਨਸਾ ਸੀ.ਆਈ.ਏ. ਦੀ ਹਿਰਾਸਤ ‘ਚੋਂ ਫਰਾਰ ਹੋ ਗਿਆ ਸੀ ਜਿਸ ਮਗਰੋਂ ਉਸ ਨੂੰ ਦਿੱਲੀ ਪੁਲੀਸ ਦੇ ਸਪੈਸ਼ਲ ਸੈੱਲ ਨੇ 19 ਅਕਤੂਬਰ ਨੂੰ ਰਾਜਸਥਾਨ ਦੇ ਅਜਮੇਰ ਜ਼ਿਲ੍ਹੇ ਦੇ ਪਿੰਡ ਕੇਕੜੀ ਤੋਂ ਗ੍ਰਿਫ਼ਤਾਰ ਕੀਤਾ ਸੀ। ਇਸ ਦੌਰਾਨ ਉਸ ਕੋਲੋਂ ਅਸਲਾ ਵੀ ਬਰਾਮਦ ਹੋਇਆ ਸੀ। ਮਾਨਸਾ ਦੇ ਐੱਸ.ਐੱਸ.ਪੀ. ਗੌਰਵ ਤੂਰਾ ਨੇ ਦੱਸਿਆ ਕਿ ਪੰਜਾਬ ਪੁਲੀਸ ਦੀ ਟੀਮ ਉਸ ਨੂੰ ਟਰਾਂਜ਼ਿਟ ਰਿਮਾਂਡ ‘ਤੇ ਲੈਣ ਗਈ ਸੀ ਪਰ ਦਿੱਲੀ ਪੁਲੀਸ ਨੇ ਅਚਾਨਕ ਉਸ ਦਾ ਤਿੰਨ ਦਿਨ ਦਾ ਰਿਮਾਂਡ ਲੈ ਲਿਆ ਜਿਸ ਕਰਕੇ ਪੰਜਾਬ ਪੁਲੀਸ ਉਸ ਨੂੰ ਟਰਾਂਜ਼ਿਟ ਰਿਮਾਂਡ ‘ਤੇ ਲੈਣ ਮੁੜ ਦਿੱਲੀ ਜਾਵੇਗੀ। ਇਸ ਦੌਰਾਨ ਪਟਿਆਲਾ ਹਾਊਸ ਕੋਰਟ ਨੇ ਗੈਂਗਸਟਰ ਦੀਪਕ ਟੀਨੂ ਦੇ ਪੁਲੀਸ ਰਿਮਾਂਡ ‘ਚ ਤਿੰਨ ਦਿਨ ਦਾ ਹੋਰ ਵਾਧਾ ਕੀਤਾ ਹੈ। ਇਸ ਤੋਂ ਪਹਿਲਾਂ ਉਸ ਨੂੰ ਸੱਤ ਰੋਜ਼ਾ ਪੁਲੀਸ ਰਿਮਾਂਡ ‘ਤੇ ਭੇਜਿਆ ਗਿਆ ਸੀ। ਓਧਰ ਸਿੱਧੂ ਮੂਸੇਵਾਲਾ ਕਤਲ ਮਾਮਲੇ ‘ਚ ਕੇਂਦਰੀ ਜਾਂਚ ਏਜੰਸੀ ਵੱਲੋਂ ਕੀਤੀ ਗਈ ਪੁੱਛ-ਪੜਤਾਲ ਤੋਂ ਬਾਅਦ ਪੰਜਾਬੀ ਗਾਇਕਾ ਅਫਸਾਨਾ ਖਾਨ ਨੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਅਤੇ ਮਾਤਾ ਚਰਨ ਕੌਰ ਨਾਲ ਮੁਲਾਕਾਤ ਕੀਤੀ। ਅਫ਼ਸਾਨਾ ਨੇ ਇੰਸਟਾਗ੍ਰਾਮ ‘ਤੇ ਲਾਈਵ ਹੋ ਕੇ ਕਿਹਾ ਹੈ ਕਿ ਉਸ ਨੇ ਆਪਣੇ ਮੂੰਹ ਬੋਲੇ ਭਰਾ ਮੂਸੇਵਾਲਾ ਦੇ ਮਾਪਿਆਂ ਦਾ ਹਾਲ ਪੁੱਛਿਆ। ਉਸ ਨੇ ਕਿਹਾ ਕਿ ਉਹ ਹਰ ਦੁੱਖ-ਦਰਦ ਅਤੇ ਇਨਸਾਫ਼ ਦੀ ਲੜਾਈ ‘ਚ ਉਨ੍ਹਾਂ ਦਾ ਸਾਥ ਦੇਵੇਗੀ। ਇੰਸਟਾਗ੍ਰਾਮ ‘ਤੇ ਮੁਲਾਕਾਤ ਦੀਆਂ ਤਸਵੀਰਾਂ ਸਾਂਝੀਆਂ ਕਰਦਿਆਂ ਅਫਸਾਨਾ ਨੇ ਲਿਖਿਆ, ‘ਨਾ ਅਸੀਂ ਮੰਗਦੇ ਧੁੱਪ ਵੇ ਰੱਬਾ, ਨਾ ਹੀ ਮੰਗਦੇ ਛਾਵਾਂ ਨੂੰ, ਇਕ ਬਾਪੂ ਨੂੰ ਕੁਝ ਨਾ ਹੋਵੇ ਦੂਜਾ ਸੁਖੀ ਰੱਖੀਂ ਮਾਵਾਂ ਨੂੰ।’ ਉਸ ਨੇ ਕਿਹਾ ਕਿ ਚੰਗੀ ਮਾਂ ਹਰ ਪੁੱਤ ਕੋਲ ਹੁੰਦੀ ਹੈ ਪਰ ਇਕ ਚੰਗਾ ਪੁੱਤ ਕਿਸੇ-ਕਿਸੇ ਮਾਂ ਨੂੰ ਨਸੀਬ ਹੁੰਦਾ ਹੈ।