ਹੇਲੋਵੀਨ ਰਾਤ ਨੂੰ ਸ਼ਿਕਾਗੋ ਦੇ ਗਾਰਫੀਲਡ ਪਾਰਕ ਇਲਾਕੇ ‘ਚ ਹੋਈ ਫਾਇਰਿੰਗ ‘ਚ ਤਿੰਨ ਬੱਚਿਆਂ ਸਮੇਤ ਘੱਟੋ-ਘੱਟ 14 ਲੋਕ ਜ਼ਖਮੀ ਹੋ ਗਏ। ਸ਼ਿਕਾਗੋ ਪੁਲੀਸ ਨੇ ਇਹ ਜਾਣਕਾਰੀ ਦਿੱਤੀ। ਪੁਲੀਸ ਸੁਪਰਡੈਂਟ ਡੇਵਿਡ ਬ੍ਰਾਊਨ ਨੇ ਕਿਹਾ ਕਿ ਘਟਨਾ ‘ਚ 3, 11 ਅਤੇ 13 ਸਾਲ ਦੇ ਤਿੰਨ ਨਾਬਾਲਗ ਜ਼ਖਮੀ ਹੋਏ ਹਨ। ਬਾਕੀ ਪੀੜਤ ਬਾਲਗ ਹਨ ਅਤੇ ਉਨ੍ਹਾਂ ਦੀ ਉਮਰ 30 ਤੋਂ 50 ਸਾਲ ਦੇ ਵਿਚਕਾਰ ਹੈ। ਇਸ ਤੋਂ ਇਲਾਵਾ ਕਾਰ ਦੀ ਲਪੇਟ ‘ਚ ਆਉਣ ਨਾਲ ਇਕ ਵਿਅਕਤੀ ਜ਼ਖ਼ਮੀ ਹੋ ਗਿਆ। ਸ਼ਿਕਾਗੋ ਫਾਇਰ ਡਿਪਾਰਟਮੈਂਟ ਨੇ ਕਿਹਾ ਕਿ ਉਸ ਨੇ ਘਟਨਾ ਵਾਲੀ ਥਾਂ ‘ਤੇ ਘੱਟੋ-ਘੱਟ 10 ਐਂਬੂਲੈਂਸਾਂ ਭੇਜੀਆਂ ਹਨ। ਬ੍ਰਾਊਨ ਨੇ ਦੱਸਿਆ ਕਿ ਕਾਰ ‘ਚ ਸਵਾਰ ਹਮਲਾਵਰਾਂ ਨੇ ਰਾਤ ਕਰੀਬ 9:30 ਵਜੇ ਗੋਲੀਬਾਰੀ ਕੀਤੀ। ਘਟਨਾ ਦੀ ਵੀਡੀਓ ਵੀ ਬਣਾਈ ਗਈ ਹੈ ਜਿਸ ਦੀ ਪੁਲੀਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸ਼ੁਰੂਆਤੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਵੀਡੀਓ ‘ਚ ਘੱਟੋ-ਘੱਟ ਦੋ ਹਮਲਾਵਰ ਦਿਖਾਈ ਦਿੱਤੇ ਹਨ। ਹਾਲਾਂਕਿ ਹਮਲਾਵਰਾਂ ਦੀ ਗਿਣਤੀ ਇਸ ਤੋਂ ਵੱਧ ਹੋ ਸਕਦੀ ਹੈ। ਉਨ੍ਹਾਂ ਨੂੰ ਭੀੜ ‘ਤੇ ਅੰਨ੍ਹੇਵਾਹ ਗੋਲੀਬਾਰੀ ਕਰਦੇ ਦੇਖਿਆ ਗਿਆ। ਉਨ੍ਹਾਂ ਕਿਹਾ ਕਿ ਇਸ ਘਟਨਾ ਦੇ ਪਿੱਛੇ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਅਤੇ ਅਜੇ ਤੱਕ ਕਿਸੇ ਨੂੰ ਵੀ ਹਿਰਾਸਤ ‘ਚ ਨਹੀਂ ਲਿਆ ਗਿਆ ਹੈ। ਪੁਲੀਸ ਅਧਿਕਾਰੀ ਨੇ ਕਿਹਾ ਕਿ ਜਾਂਚ ਮੁਕੰਮਲ ਹੋਣ ‘ਤੇ ਹੀ ਹੋਰ ਵੇਰਵੇ ਸਾਂਝੇ ਕੀਤੇ ਜਾ ਸਕਣਗੇ।