ਟੀ-20 ਵਰਲਡ ਕੱਪ ਦੇ ਪਿਛਲੀ ਵਾਰ ਦੇ ਚੈਂਪੀਅਨ ਅਤੇ ਐਤਕੀਂ ਦੇ ਵਰਲਡ ਕੱਪ ਦੇ ਮੇਜ਼ਬਾਨ ਨੇ ਬ੍ਰਿਸਬੇਨ ਦੇ ਗਾਬਾ ਸਟੇਡੀਅਮ ‘ਚ ਖੇਡੇ ਗਏ ਇਕ ਮੈਚ ‘ਚ ਆਇਰਲੈਂਡ ਨੂੰ 42 ਦੌੜਾਂ ਨਾਲ ਹਰਾ ਦਿੱਤਾ। ਇਹ ਜਿੱਤ ਕਪਤਾਨ ਆਰੋਨ ਫਿੰਚ ਦੇ ਸ਼ਾਨਦਾਰ ਅਰਧ ਸੈਂਕੜੇ ਦੀ ਮਦਦ ਨਾਲ ਹਾਸਲ ਹੋਈ। ਇਸ ਜਿੱਤ ਨਾਲ ਹੀ ਆਸਟਰੇਲੀਆ ਗਰੁੱਪ-1 ‘ਚ ਦੂਜੇ ਸਥਾਨ ‘ਤੇ ਪੁੱਜ ਗਿਆ ਹੈ ਤੇ ਉਸ ਨੇ ਸੈਮੀਫਾਈਨਲ ਦੀ ਉਮੀਦ ਨੂੰ ਜਿਊਂਦਾ ਰੱਖਿਆ ਹੈ। ਆਸਟਰੇਲੀਆ ਨੇ 20 ਓਵਰਾਂ ‘ਚ ਪੰਜ ਵਿਕਟਾਂ ‘ਤੇ 179 ਦੌੜਾਂ ਬਣਾਈਆਂ ਜਦਕਿ ਟੀਚੇ ਦਾ ਪਿੱਛਾ ਕਰਦੇ ਹੋਏ ਆਇਰਲੈਂਡ ਦੀ ਪਾਰੀ 18.1 ਓਵਰਾਂ ‘ਚ 137 ਦੌੜਾਂ ‘ਤੇ ਹੀ ਸਿਮਟ ਗਈ। ਇਸ ਵਰਲਡ ਕੱਪ ‘ਚ ਦੋ ਵਾਰ ਉਲਟਫੇਰ ਕਰ ਚੁੱਕੀ ਆਇਰਲੈਂਡ ਦੀ ਟੀਮ ਆਸਟਰੇਲੀਆ ਦੇ ਸਾਹਮਣੇ ਕੋਈ ਚੁਣੌਤੀ ਪੇਸ਼ ਨਹੀਂ ਕਰ ਸਕੀ। ਇਸ ਵਰਲਡ ਕੱਪ ‘ਚ ਹੁਣ ਤੱਕ ਆਪਣੇ ਬੱਲੇ ਨਾਲ ਪ੍ਰਦਰਸ਼ਨ ਕਰਨ ‘ਚ ਨਾਕਾਮ ਰਹੇ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਦਾ ਬੱਲਾ ਆਇਰਲੈਂਡ ਖ਼ਿਲਾਫ਼ ਵੀ ਚੁੱਪ ਹੀ ਰਿਹਾ ਤੇ ਉਹ ਇਕ ਵਾਰ ਮੁੜ ਸਸਤੇ ‘ਚ ਆਊਟ ਹੋ ਗਏ। ਕਪਤਾਨ ਫਿੰਚ ਨੇ ਧਮਾਕੇਦਾਰ ਬੱਲੇਬਾਜ਼ੀ ਕੀਤੀ ਤੇ ਆਪਣੀ ਗੁਆਚੀ ਹੋਈ ਲੈਅ ਹਾਸਲ ਕਰ ਲਈ। ਫਿੰਚ ਨੇ ਤੇਜ਼ ਬੱਲੇਬਾਜ਼ੀ ਕੀਤੀ ਅਤੇ 38 ਗੇਂਦਾਂ ‘ਚ ਅਰਧ ਸੈਂਕੜਾ ਪੂਰਾ ਕੀਤਾ। ਆਸਟਰੇਲੀਆ ਦੇ ਕਪਤਾਨ ਦਾ ਅੱਠ ਪਾਰੀਆਂ ‘ਚ ਇਹ ਪਹਿਲਾ ਟੀ-20 ਅੰਤਰਰਾਸ਼ਟਰੀ ਅਰਧ ਸੈਂਕੜਾ ਹੈ। ਫਿੰਚ ਨੇ ਮਾਰਕਸ ਸਟੋਈਨਿਸ ਨਾਲ ਮਿਲ ਕੇ 70 ਦੌੜਾਂ ਦੀ ਭਾਈਵਾਲੀ ਕੀਤੀ ਜੋ ਸਿਰਫ਼ 36 ਗੇਂਦਾਂ ‘ਚ ਬਣੀ, ਪਰ ਫਿੰਚ 17ਵੇਂ ਓਵਰ ‘ਚ ਬੈਰੀ ਮੈਕਾਰਥੀ ਦਾ ਸ਼ਿਕਾਰ ਬਣੇ ਜਿਸ ਨਾਲ ਪਿਛਲੀ ਵਾਰ ਦੀ ਚੈਂਪੀਅਨ ਟੀਮ ਡੈੱਥ ਓਵਰਾਂ ‘ਚ ਉਮੀਦ ਮੁਤਾਬਕ ਦੌੜਾਂ ਨਹੀਂ ਬਣਾ ਸਕੀ। ਟੀਚੇ ਦਾ ਪਿੱਛਾ ਕਰਦੇ ਹੋਏ ਆਇਰਲੈਂਡ ਦੀ ਸ਼ੁਰੂਆਤ ਬਹੁਤ ਖ਼ਰਾਬ ਰਹੀ ਤੇ ਪਾਵਰਪਲੇਅ ‘ਚ ਹੀ ਟੀਮ ਦੀਆਂ ਪੰਜ ਵਿਕਟਾਂ ਡਿੱਗ ਗਈਆਂ।