ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪਟਿਆਲਾ ਫੇਰੀ ਦੌਰਾਨ ਕਿਹਾ ਕਿ ਆਉਣ ਵਾਲੀਆਂ ਨਗਰ ਨਿਗਮ ਚੋਣਾਂ ਸਪੱਸ਼ਟ ਕਰ ਦੇਣਗੀਆਂ ਕਿ ਪਟਿਆਲਾ ਵਾਸੀ ਸਦਾ ਕਾਂਗਰਸ ਦੇ ਨਾਲ ਸਨ ਤੇ ਹੁਣ ਵੀ ਉਹ ਕਾਂਗਰਸ ਦਾ ਹੀ ਸਾਥ ਦੇਣਗੇ। ਵੜਿੰਗ ਨੇ ਕਿਹਾ ਕਿ ਕੈਪਟਨ ਦੇ ਜ਼ਿਲ੍ਹੇ ਵਿੱਚੋਂ ਕੋਈ ਵੀ ਵਿਧਾਇਕ ਉਨ੍ਹਾਂ ਨਾਲ ਨਹੀਂ ਤੁਰਿਆ ਜਿਸ ਤੋਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਲੋਕ ਪਾਰਟੀ ਨਾਲ ਹਨ ਨਾ ਕਿ ਕੈਪਟਨ ਨਾਲ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦਾ ਦੌਰ ਹੁਣ ਖ਼ਤਮ ਹੋ ਗਿਆ ਹੈ। ਉਨ੍ਹਾਂ ਐਲਾਨ ਕੀਤਾ ਕਿ ਕਾਂਗਰਸੀ ਆਗੂਆਂ ਦੀਆਂ ਟੀਮਾਂ ਸ਼ਹਿਰ ਦੇ ਸਮੂਹ 60 ਵਾਰਡਾਂ ‘ਚ ਪਹਿਲਾਂ ਨਾਲੋਂ ਵੀ ਵੱਧ ਸਰਗਰਮ ਹੋ ਕੇ ਲੋਕਾਂ ‘ਚ ਵਿਚਰਨਗੀਆਂ ਤਾਂ ਜੋ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਪਤਾ ਲਾ ਕੇ ਹੱਲ ਕੱਢੇ ਜਾ ਸਕਣ। ਇਸ ਮੌਕੇ ਹਰਦਿਆਲ ਕੰਬੋਜ, ਹੈਰੀ ਮਾਨ ਤੇ ਪਟਿਆਲਾ ਦੇ ਹਲਕਾ ਇੰਚਾਰਜ ਵਿਸ਼ਨੂੰ ਸ਼ਰਮਾ ਨੇ ਕਿਹਾ ਕਿ ਪਟਿਆਲਾ ਕਾਂਗਰਸ ਦਾ ਗੜ੍ਹ ਸੀ ਤੇ ਹਮੇਸ਼ਾ ਰਹੇਗਾ ਤੇ ਇਸ ਗੱਲ ਦਾ ਸਬੂਤ ਇਥੋਂ ਦੇ ਵਸਨੀਕ ਨਿਗਮ ਚੋਣਾਂ ਦੌਰਾਨ ਦੇ ਦੇਣਗੇ। ਸ਼ਾਹੀ ਪਰਿਵਾਰ ਦੇ ਕਿਸੇ ਵੀ ਜੀਅ ਨੂੰ ਭਵਿੱਖ ‘ਚ ਕਾਂਗਰਸ ‘ਚ ਸ਼ਾਮਲ ਨਹੀਂ ਕੀਤਾ ਜਾਵੇਗਾ ਕਿਉਂਕਿ ਕੈਪਟਨ ਅਮਰਿੰਦਰ ਨੇ ਪਾਰਟੀ ਦੀ ਪਿੱਠ ‘ਚ ਛੁਰਾ ਮਾਰਿਆ ਹੈ ਤੇ ਲੋਕ ਹੁਣ ਉਨ੍ਹਾਂ ਨੂੰ ਇਸ ਗੱਲ ਲਈ ਮੁਆਫ਼ ਨਹੀਂ ਕਰਨਗੇ।