ਵਿਸ਼ਵ ਪ੍ਰਸਿੱਧ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ‘ਚ ਐੱਨ.ਆਈ.ਏ. ਵੱਲੋਂ ਗਾਇਕਾ ਅਫਸਾਨਾ ਖਾਨ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਅੱਜ ਦੋ ਹੋਰ ਪੰਜਾਬੀ ਗਾਇਕਾਂ ਕੋਲੋਂ ਪੁੱਛਗਿੱਛ ਕੀਤੀ ਗਈ। ਸਮਝਿਆ ਜਾ ਰਿਹਾ ਹੈ ਕਿ ਇਹ ਪੁੱਛਗਿੱਛ ਸਿੱਧੂ ਮੂਸੇਵਾਲਾ ਕਤਲ ਕੇਸ ਦੇ ਸਬੰਧ ‘ਚ ਹੀ ਕੀਤੀ ਗਈ ਹੈ। ਗਾਇਕ ਮਨਕੀਰਤ ਔਲਖ ਅਤੇ ਦਿਲਪ੍ਰੀਤ ਢਿੱਲੋਂ ਤੋਂ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ ਪੁੱਛਗਿੱਛ ਕੀਤੀ। ਸੂਤਰਾਂ ਮੁਤਾਬਕ ਕੇਂਦਰੀ ਜਾਂਚ ਏਜੰਸੀ ਐੱਨ.ਆਈ.ਏ. ਨੇ ਸਿੱਧੂ ਮੂਸੇ ਵਾਲਾ ਕਤਲ ਕੇਸ ‘ਚ ਗਾਇਕ ਮਨਕੀਰਤ ਔਲਖ ਤੇ ਦਿਲਪ੍ਰੀਤ ਢਿੱਲੋਂ ਕੋਲੋਂ ਪੁੱਛਗਿੱਛ ਕੀਤੀ ਹੈ। ਇਹ ਪੁੱਛਗਿੱਛ ਐੱਨ.ਆਈ.ਏ. ਦੇ ਦਿੱਲੀ ਹੈੱਡਕੁਆਰਟਰ ਵਿਖੇ 4 ਤੋਂ 5 ਘੰਟਿਆਂ ਤੱਕ ਦੋਹਾਂ ਗਾਇਕਾਂ ਕੋਲੋਂ ਪੁੱਛਗਿੱਛ ਕੀਤੀ ਗਈ। ਦੋਵਾਂ ਗਾਇਕਾਂ ਕੋਲੋਂ ਸਿੱਧੂ ਮੂਸੇ ਵਾਲਾ ਦੇ ਕਤਲ ਨੂੰ ਲੈ ਕੇ ਕਈ ਸਵਾਲ-ਜਵਾਬ ਕੀਤੇ ਗਏ ਹਨ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਪੰਜਾਬੀ ਗਾਇਕਾ ਅਫਸਾਨਾ ਖ਼ਾਨ ਕੋਲੋਂ ਵੀ ਐੱਨ.ਆਈ.ਏ. ਨੇ ਪੁੱਛਗਿੱਛ ਕੀਤੀ ਸੀ। ਅਫਸਾਨਾ ਖ਼ਾਨ ਨੇ ਇਸ ਸਬੰਧੀ ਇੰਸਟਾਗ੍ਰਾਮ ‘ਤੇ ਲਾਈਵ ਹੋ ਕੇ ਵੀ ਗੱਲਬਾਤ ਕੀਤੀ ਸੀ ਤੇ ਕਿਹਾ ਸੀ ਕਿ ਐੱਨ.ਆਈ.ਏ. ਨੇ ਉਸ ਕੋਲੋਂ ਸਿਰਫ ਸਿੱਧੂ ਮੂਸੇ ਵਾਲਾ ਨਾਲ ਉਸ ਦੇ ਰਿਸ਼ਤੇ ਅਤੇ ਕੰਮ ਨੂੰ ਲੈ ਕੇ ਗੱਲਬਾਤ ਕੀਤੀ ਸੀ। ਇਸ ਪੁੱਛਗਿੱਛ ਮਗਰੋਂ ਅਫਸਾਨਾ ਖਾਨ ਨੇ ਸਿੱਧੂ ਮੂਸੇਵਾਲਾ ਦੇ ਮਾਪਿਆਂ ਨਾਲ ਵੀ ਉਨ੍ਹਾਂ ਦੇ ਜੱਦੀ ਪਿੰਡ ਜਾ ਕੇ ਮੁਲਾਕਾਤ ਕੀਤੀ ਸੀ। ਮਨਕੀਰਤ ਔਲਖ ਤੇ ਦਿਲਪ੍ਰੀਤ ਢਿੱਲੋਂ ਦੀ ਗੱਲ ਕਰੀਏ ਤਾਂ ਕੁਝ ਸਾਲ ਪਹਿਲਾਂ ਇਨ੍ਹਾਂ ਦੋਵਾਂ ਕਲਾਕਾਰਾਂ ਨੇ ਇਕ ਜੇਲ ‘ਚ ਸ਼ੋਅ ਲਗਾਇਆ ਸੀ, ਜਿਥੋਂ ਮਨਕੀਰਤ ਤੇ ਦਿਲਪ੍ਰੀਤ ਦੀ ਲਾਰੈਂਸ ਬਿਸ਼ਨੋਈ ਨਾਲ ਤਸਵੀਰ ਵੀ ਕਾਫੀ ਵਾਇਰਲ ਹੋਈ ਸੀ। ਕਿਹਾ ਜਾ ਰਿਹਾ ਹੈ ਕਿ ਇਸੇ ਦੇ ਚਲਦਿਆਂ ਦੋਵਾਂ ਗਾਇਕਾਂ ਕੋਲੋਂ ਹੁਣ ਐੱਨ.ਆਈ.ਏ. ਨੇ ਪੁੱਛਗਿੱਛ ਕੀਤੀ ਹੈ। ਇਸ ਪੁੱਛਗਿੱਛ ਦੇ ਹਾਲੇ ਹੋਰ ਵੇਰਵੇ ਸਾਹਮਣੇ ਨਹੀਂ ਆਏ ਅਤੇ ਜਲਦ ਕੁਝ ਨਵੇਂ ਖੁਲਾਸੇ ਹੋ ਸਕਦੇ ਹਨ।