ਇਕ ਸਪੋਰਟਸ ਯੂਟਿਲਿਟੀ ਵਹੀਕਲ (ਐੱਸ.ਯੂ.ਵੀ.) ਅਤੇ ਖਾਲੀ ਬੱਸ ਵਿਚਕਾਰ ਹੋਈ ਆਹਮੋ ਸਾਹਮਣੀ ਟੱਕਰ ‘ਚ 2 ਬੱਚਿਆਂ ਸਮੇਤ 11 ਲੋਕਾਂ ਦੀ ਮੌਤ ਹੋ ਗਈ ਹੈ। ਇਹ ਹਾਦਸਾ ਮੱਧ ਪ੍ਰਦੇਸ਼ ਦੇ ਬੈਤੂਲ ਜ਼ਿਲੇ ਦੇ ਝਾਲਰ ‘ਚ ਸ਼ੁੱਕਰਵਾਰ ਵੱਡੇ ਤੜਕੇ ਵਾਪਰਿਆ। ਬੈਤੂਲ ਪੁਲੀਸ ਕੰਟਰੋਲ ਰੂਮ ਦੇ ਸਹਾਇਕ ਸਬ ਇੰਸਪੈਕਟਰ ਸ਼ਿਵਾਰਜ ਸਿੰਘ ਠਾਕੁਰ ਨੇ ਦੱਸਿਆ ਕਿ ਹਾਦਸਾ ਜ਼ਿਲ੍ਹਾ ਹੈੱਡ ਕੁਆਰਟਰ ਤੋਂ ਕਰੀਬ 36 ਕਿਲੋਮੀਟਰ ਦੂਰ ਭੈਂਸਦੇਹੀ ਰੋਡ ‘ਤੇ ਹੋਇਆ। ਉਨ੍ਹਾਂ ਕਿਹਾ, ‘ਰਾਤ ਕਰੀਬ ਦੋ ਵਜੇ ਤੋਂ ਬਾਅਦ ਹੋਏ ਇਸ ਹਾਦਸੇ ‘ਚ 6 ਪੁਰਸ਼ਾਂ, ਤਿੰਨ ਔਰਤਾਂ, 5 ਸਾਲ ਦੀ ਇਕ ਕੁੜੀ ਅਤੇ ਇਕ ਬੱਚੇ ਦੀ ਮੌਕੇ ‘ਤੇ ਹੀ ਮੌਤ ਹੋ ਗਈ।’ ਪੁਲੀਸ ਅਨੁਸਾਰ ਮ੍ਰਿਤਕ ਮਜ਼ਦੂਰ ਸਨ, ਜੋ ਗੁਆਂਢੀ ਸੂਬੇ ਮਹਾਰਾਸ਼ਟਰ ਦੇ ਅਮਰਾਵਤੀ ਤੋਂ ਇਥੇ ਆਪਣੇ ਘਰ ਪਰਤ ਰਹੇ ਸਨ। ਠਾਕੁਰ ਨੇ ਕਿਹਾ ਕਿ ਹਾਦਸਾ ਇੰਨਾ ਗੰਭੀਰ ਸੀ ਕਿ ਕੁਝ ਪੀੜਤਾਂ ਦੀਆਂ ਲਾਸ਼ਾਂ ਗੈਸ ਕਟਰ ਦੀ ਮਦਦ ਨਾਲ ਨੁਕਸਾਨੀ ਐੱਸ.ਯੂ.ਵੀ. ਵਿੱਚੋਂ ਕੱਢਣੀਆਂ ਪਈਆਂ। ਬਾਅਦ ‘ਚ ਲਾਸ਼ਾਂ ਪੋਸਟਮਾਟਰਮ ਲਈ ਭੇਜ ਦਿੱਤੀਆਂ ਗਈਆਂ। ਪੁਲੀਸ ਨੇ ਕਿਹਾ ਕਿ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਦਾ ਹੈ ਕਿ ਡਰਾਈਵਰ ਨੂੰ ਨੀਂਦ ਆਉਣ ਤੋਂ ਬਾਅਦ ਐੱਸ.ਯੂ.ਵੀ. ਬੱਸ ਨਾਲ ਜਾ ਟਕਰਾਈ। ਠਾਕੁਰ ਨੇ ਕਿਹਾ ਕਿ ਪੁਲੀਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ।