ਆਈ.ਸੀ.ਸੀ. ਟੀ-20 ਵਰਲਡ ਕੱਪ 2022 ਦੇ ਸੈਮੀਫਾਈਨਲ ਲਈ ਟੀਮਾਂ ਦੇ ਨਾਂ ਤੈਅ ਹੋ ਗਏ ਹਨ। ਭਾਰਤੀ ਟੀਮ ਨੇ ਸੁਪਰ 12 ਦੇ ਆਖਰੀ ਮੈਚ ‘ਚ ਜ਼ਿੰਬਾਬਵੇ ਖ਼ਿਲਾਫ਼ 71 ਦੌੜਾਂ ਨਾਲ ਜਿੱਤ ਦਰਜ ਕੀਤੀ ਸੀ। ਇਸ ਨਾਲ ਹੁਣ ਇਹ ਗੱਲ ਸਪੱਸ਼ਟ ਹੋ ਗਈ ਹੈ ਕਿ ਸੈਮੀਫਾਈਨਲ ‘ਚ ਕਿਹੜੀ ਟੀਮ ਕਿਸ ਖ਼ਿਲਾਫ਼ ਖੇਡੇਗੀ। ਟੂਰਨਾਮੈਂਟ ਦਾ ਪਹਿਲਾ ਸੈਮੀਫਾਈਨਲ ਹੁਣ ਨਿਊਜ਼ੀਲੈਂਡ ਅਤੇ ਪਾਕਿਸਤਾਨ ਵਿਚਾਲੇ ਹੋਵੇਗਾ। ਇਹ ਮੈਚ 9 ਨਵੰਬਰ ਨੂੰ ਸਿਡਨੀ ਕ੍ਰਿਕਟ ਗਰਾਊਂਡ ‘ਤੇ ਖੇਡਿਆ ਜਾਵੇਗਾ। ਪਾਕਿਸਤਾਨ ਨੇ ਆਪਣੇ ਆਖ਼ਰੀ ਸੁਪਰ 12 ਮੈਚ ਵਿੱਚ ਬੰਗਲਾਦੇਸ਼ ਨੂੰ 5 ਵਿਕਟਾਂ ਨਾਲ ਹਰਾ ਕੇ ਆਪਣੀ ਟਿਕਟ ਪੱਕੀ ਕਰ ਲਈ। ਪਾਕਿਸਤਾਨ ਨੂੰ ਦੱਖਣੀ ਅਫ਼ਰੀਕਾ ਦੀ ਹਾਰ ਕਾਰਨ ਜਿੱਤ ਮਿਲੀ ਕਿਉਂਕਿ ਜੇਕਰ ਉਹ ਨੀਦਰਲੈਂਡ ਖ਼ਿਲਾਫ਼ ਜਿੱਤਦਾ ਤਾਂ ਪਾਕਿਸਤਾਨ ਦਾ ਸਫ਼ਾਇਆ ਹੋ ਜਾਣਾ ਸੀ। ਪਾਕਿਸਤਾਨ ਦੇ 5 ਮੈਚਾਂ ‘ਚ 6 ਅੰਕ ਹਨ, ਜਦਕਿ ਦੱਖਣੀ ਅਫਰੀਕਾ ਦੇ 5 ਅੰਕ ਹਨ। ਇਸ ਦੇ ਨਾਲ ਹੀ ਗਰੁੱਪ 1 ‘ਚੋਂ ਨਿਊਜ਼ੀਲੈਂਡ ਨੇ 5 ਮੈਚਾਂ ‘ਚ 7 ਅੰਕ ਲੈ ਕੇ ਸੈਮੀਫਾਈਨਲ ‘ਚ ਪ੍ਰਵੇਸ਼ ਕਰ ਲਿਆ ਹੈ। ਨਿਊਜ਼ੀਲੈਂਡ ਦੀ ਇਕਲੌਤੀ ਹਾਰ ਇੰਗਲੈਂਡ ਤੋਂ ਹੋਈ ਸੀ। ਇਕ ਮੈਚ ਮੀਂਹ ਕਾਰਨ ਰੱਦ ਹੋ ਗਿਆ ਜਿਸ ਨਾਲ 1 ਅੰਕ ਮਿਲਿਆ। ਹੁਣ ਦੇਖਦੇ ਹਾਂ ਕਿ ਨਿਊਜ਼ੀਲੈਂਡ-ਪਾਕਿਸਤਾਨ ‘ਚੋਂ ਕੌਣ ਫਾਈਨਲ ‘ਚ ਜਾਂਦਾ ਹੈ। ਦੂਜਾ ਸੈਮੀਫਾਈਨਲ ਇੰਡੀਆ ਅਤੇ ਇੰਗਲੈਂਡ ਵਿਚਾਲੇ ਹੋਵੇਗਾ। ਇਹ ਇਕ ਵੱਡਾ ਮੈਚ ਹੋਣ ਜਾ ਰਿਹਾ ਹੈ, ਜੋ 10 ਨਵੰਬਰ ਨੂੰ ਐਡੀਲੇਡ ‘ਚ ਖੇਡਿਆ ਜਾਵੇਗਾ। ਇੰਡੀਆ ਦੱਖਣੀ ਅਫਰੀਕਾ ਤੋਂ ਸਿਰਫ ਹਾਰਿਆ ਹੈ ਜਦਕਿ ਉਸ ਨੇ 4 ਜਿੱਤੇ ਹਨ। ਭਾਰਤੀ ਟੀਮ ਚੌਥੀ ਵਾਰ ਸੈਮੀਫਾਈਨਲ ‘ਚ ਪਹੁੰਚੀ ਹੈ। ਇਸ ਦੇ ਨਾਲ ਹੀ ਇੰਗਲੈਂਡ ਵੀ ਇਸ ਵਾਰ ਮਜ਼ਬੂਤ ਨਜ਼ਰ ਆ ਰਿਹਾ ਹੈ। ਉਹ ਵੀ ਚੌਥੀ ਵਾਰ ਸੈਮੀਫਾਈਨਲ ‘ਚ ਪਹੁੰਚੀ ਹੈ। ਇੰਗਲੈਂਡ ਕਿਸਮਤ ਨਾਲ ਜਗ੍ਹਾ ਬਣਾਉਣ ‘ਚ ਕਾਮਯਾਬ ਰਿਹਾ ਕਿਉਂਕਿ ਆਸਟਰੇਲੀਆ ਦੇ ਵੀ 5 ਮੈਚਾਂ ‘ਚ 7 ਅੰਕ ਸਨ। ਪਰ ਨੈੱਟ ਰਨ ਰੇਟ ‘ਚ ਇੰਗਲੈਂਡ ਦੀ ਟੀਮ ਬਿਹਤਰ ਰਹੀ ਜਿਸ ਕਾਰਨ ਕੰਗਾਰੂ ਟੀਮ ਬਾਹਰ ਹੋ ਗਈ।