ਸਿਡਨੀ ਦੀ ਇਕ ਅਦਾਲਤ ਨੇ ਬਲਾਤਕਾਰ ਦੇ ਮਾਮਲੇ ‘ਚ ਸ੍ਰੀਲੰਕਾ ਦੇ ਕ੍ਰਿਕਟਰ ਦਾਨੁਸ਼ਕਾ ਗੁਣਾਤਿਲਕਾ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਜ਼ਿਕਰਯੋਗ ਕਿ ਦਾਨੁਸ਼ਕਾ ਗੁਣਾਤਿਲਕਾ ਨੂੰ ਟੀ-20 ਵਰਲਡ ਕੱਪ 2022 ਦੌਰਾਨ ਇਕ ਮਹਿਲਾ ਨਾਲ ਜਬਰ ਜਿਨਾਹ ਕਰਨ ਦੇ ਦੋਸ਼ ‘ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਦਾਨੁਸ਼ਕਾ ਗੁਣਾਤਿਲਕਾ ਸਿਡਨੀ ਦੀ ਇਕ ਸਥਾਨਕ ਅਦਾਲਤ ਦੇ ਸਰੀ ਹਿੱਲਜ਼ ਵਿਭਾਗ ‘ਚ ਵੀਡੀਓ ਰਾਹੀਂ ਸੁਣਵਾਈ ‘ਚ ਸ਼ਾਮਲ ਹੋਏ। 31 ਸਾਲਾ ਦਾਨੁਸ਼ਕਾ ਗੁਣਾਤਿਲਕਾ ਨੂੰ ਐਤਵਾਰ ਤੜਕੇ ਗ੍ਰਿਫ਼ਤਾਰ ਕੀਤਾ ਗਿਆ। ਇਹ ਕਾਰਵਾਈ 2 ਨਵੰਬਰ ਨੂੰ ਇਕ ਔਰਤ ਦੇ ਕਥਿਤ ਜਿਨਸੀ ਸ਼ੋਸ਼ਣ ਦੀ ਜਾਂਚ ਤੋਂ ਬਾਅਦ ਕੀਤੀ ਗਈ ਹੈ। ਸਿਡਨੀ ਮਾਰਨਿੰਗ ਹੈਰਾਲਡ ਦੀ ਰਿਪੋਰਟ ਮੁਤਾਬਕ ਗੁਣਾਤਿਲਕਾ ਨੂੰ ਸੁਣਵਾਈ ਦੌਰਾਨ ਵਰਚੁਅਲ ਪੇਸ਼ੀ ਦੌਰਾਨ ਹੱਥਕੜੀ ਲਗਾਈ ਗਈ ਸੀ। ਉਸ ਨੇ ਚਿੱਟੇ ਰੰਗ ਦੀ ਟੀ-ਸ਼ਰਟ ਅਤੇ ਨੀਲੀ ਜੀਨਸ ਪਾਈ ਹੋਈ ਸੀ। ਰਿਪੋਰਟ ‘ਚ ਕਿਹਾ ਗਿਆ ਹੈ ਕਿ ਉਸ ਦੇ ਵਕੀਲ ਆਨੰਦ ਅਮਰਨਾਥ ਨੇ ਸੁਣਵਾਈ ਦੌਰਾਨ ਜ਼ਮਾਨਤ ਲਈ ਅਰਜ਼ੀ ਦਿੱਤੀ ਸੀ ਪਰ ਮੈਜਿਸਟ੍ਰੇਟ ਰੌਬਰਟ ਵਿਲੀਅਮਜ਼ ਨੇ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ। ਰਿਪੋਰਟ ‘ਚ ਅਮਰਨਾਥ ਦਾ ਹਵਾਲਾ ਦਿੰਦੇ ਹੋਏ ਕਿਹਾ ਗਿਆ ਹੈ, ‘ਯਕੀਨੀ ਤੌਰ ‘ਤੇ ਅਸੀਂ ਸੁਪਰੀਮ ਕੋਰਟ ‘ਚ ਪਟੀਸ਼ਨ ਦਾਇਰ ਕਰਨ ‘ਤੇ ਵਿਚਾਰ ਕਰ ਰਹੇ ਹਾਂ ਅਤੇ ਇਹ ਜਲਦ ਤੋਂ ਜਲਦ ਕੀਤਾ ਜਾਵੇਗਾ।’ ਉਹ ਯਕੀਨੀ ਤੌਰ ‘ਤੇ ਨਿਰਾਸ਼ ਹੋਵੇਗਾ। ਅਮਰਨਾਥ ਨੇ ਕਿਹਾ ਕਿ ਉਨ੍ਹਾਂ ਨੂੰ ਪਤਾ ਹੈ ਕਿ ਉਨ੍ਹਾਂ ਦੀ ਟੀਮ ਦੇ ਕੁਝ ਅਧਿਕਾਰੀ ਇਸ ਸਮੇਂ ਆਸਟਰੇਲੀਆ ‘ਚ ਹਨ। ਉਨ੍ਹਾਂ ਇਹ ਵੀ ਕਿਹਾ ਕਿ ਗੁਣਾਤਿਲਕਾ ਦਾ ਆਸਟਰੇਲੀਆ ‘ਚ ਕੋਈ ਪਰਿਵਾਰ ਨਹੀਂ ਹੈ। ਗੁਣਾਤਿਲਕਾ ਦੇ ਦੇਸ਼ ਸ੍ਰੀਲੰਕਾ ਦੇ ਕ੍ਰਿਕਟ ਬੋਰਡ ਨੇ ਉਸ ਨੂੰ ਤੁਰੰਤ ਪ੍ਰਭਾਵ ਨਾਲ ਕ੍ਰਿਕਟ ਦੇ ਸਾਰੇ ਫਾਰਮੈਟਾਂ ਤੋਂ ਮੁਅੱਤਲ ਕਰ ਦਿੱਤਾ ਹੈ। ਗੁਣਾਤਿਲਕਾ ਨੇ ਟੀ-20 ਵਰਲਡ ਕੱਪ ਦੇ ਪਹਿਲੇ ਦੌਰ ‘ਚ ਨਾਮੀਬੀਆ ਖ਼ਿਲਾਫ਼ ਖੇਡਿਆ ਅਤੇ ਬਿਨਾਂ ਖਾਤਾ ਖੋਲ੍ਹੇ ਹੀ ਆਊਟ ਹੋ ਗਿਆ। ਇਸ ਤੋਂ ਬਾਅਦ ਉਹ ਸੱਟ ਕਾਰਨ ਟੂਰਨਾਮੈਂਟ ਤੋਂ ਬਾਹਰ ਹੋ ਗਿਆ।