ਜਸਟਿਸ ਧਨੰਜੈ ਵਾਈ. ਚੰਦਰਚੂੜ ਨੇ ਅੱਜ ਇੰਡੀਆ ਦੇ 50ਵੇਂ ਚੀਫ਼ ਜਸਟਿਸ (ਸੀ.ਜੇ.ਆਈ.) ਵਜੋਂ ਅਹੁਦੇ ਦੀ ਸਹੁੰ ਚੁੱਕ ਲਈ ਹੈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਰਾਸ਼ਟਰਪਤੀ ਭਵਨ ‘ਚ ਇਕ ਸਮਾਰੋਹ ਦੌਰਾਨ ਉਨ੍ਹਾਂ ਨੂੰ ਅਹੁਦੇ ਦੀ ਸਹੁੰ ਚੁੱਕਾਈ। ਜਸਟਿਸ ਚੰਦਰਚੂੜ ਨੇ ਜਸਟਿਸ ਉਦੈ ਉਮੇਸ਼ ਲਲਿਤ ਦੀ ਥਾਂ ਲਈ ਹੈ ਜਿਨ੍ਹਾਂ ਦਾ ਕਾਰਜਕਾਲ 8 ਨਵੰਬਰ ਨੂੰ ਪੂਰਾ ਹੋਇਆ। ਜਸਟਿਸ ਚੰਦਰਚੂੜ 10 ਨਵੰਬਰ 2024 ਤੱਕ ਦੋ ਸਾਲ ਲਈ ਇਸ ਅਹੁਦੇ ‘ਤੇ ਬਣੇ ਰਹਿਣਗੇ। ਜਸਟਿਸ ਚੰਦਰਚੂੜ ਦਾ ਜਨਮ 11 ਨਵੰਬਰ 1959 ਨੂੰ ਹੋਇਆ ਸੀ। ਉਨ੍ਹਾਂ ਨੂੰ 13 ਮਈ 2016 ਨੂੰ ਸੁਪਰੀਮ ਕੋਰਟ ਦਾ ਜੱਜ ਬਣਾਇਆ ਗਿਆ ਸੀ। ਉਹ 29 ਮਾਰਚ 2000 ਤੋਂ 31 ਅਕਤੂਬਰ 2013 ਤੱਕ ਬੰਬੇ ਹਾਈ ਕੋਰਟ ਦੇ ਜੱਜ ਰਹੇ। ਇਸ ਤੋਂ ਬਾਅਦ ਉਨ੍ਹਾਂ ਨੂੰ ਇਲਾਹਾਬਾਦ ਹਾਈ ਕੋਰਟ ਦਾ ਚੀਫ਼ ਜਸਟਿਸ ਨਿਯੁਕਤ ਕੀਤਾ ਗਿਆ। ਜਸਟਿਸ ਚੰਦਰਚੂੜ ਨੂੰ ਜੂਨ 1998 ‘ਚ ਬੰਬੇ ਹਾਈ ਕੋਰਟ ਵੱਲੋਂ ਇਕ ਸੀਨੀਅਰ ਵਕੀਲ ਨਿਯੁਕਤ ਕੀਤਾ ਗਿਆ ਸੀ ਅਤੇ ਉਸੇ ਸਾਲ ਵਧੀਕ ਸਾਲਿਸਟਰ ਜਨਰਲ ਨਿਯੁਕਤ ਕੀਤਾ ਗਿਆ ਸੀ। ਉਨ੍ਹਾਂ ਦਿੱਲੀ ਦੇ ਸੇਂਟ ਸਟੀਫਨ ਕਾਲਜ ਤੋਂ ਅਰਥ ਸ਼ਾਸਤਰ ‘ਚ ਬੀ.ਏ. ਆਨਰਜ਼, ਦਿੱਲੀ ਯੂਨੀਵਰਸਿਟੀ ਦੇ ਕੈਂਪਸ ਲਾਅ ਸੈਂਟਰ ਤੋਂ ਐੱਲ.ਐੱਲ.ਬੀ ਅਤੇ ਅਮਰੀਕਾ ਦੇ ਹਾਰਵਰਡ ਲਾਅ ਸਕੂਲ ਤੋਂ ਐੱਲ.ਐੱਲ.ਐੱਮ ਅਤੇ ਨਿਆਇਕ ਵਿਗਿਆਨ ‘ਚ ਡਾਕਟਰੇਟ ਕੀਤੀ ਹੈ।