ਕ੍ਰਿਕਟਰ ਮਹਿੰਦਰ ਸਿੰਘ ਧੋਨੀ ਵੱਲੋਂ ਦਾਇਰ ਕੀਤੀ ਗਈ ਮਾਣਹਾਨੀ ਦੀ ਪਟੀਸ਼ਨ ਸਬੰਧੀ ਮਦਰਾਸ ਹਾਈ ਕੋਰਟ ਦੇ ਡਿਵੀਜ਼ਨ ਬੈਂਚ ਨੇ ਆਈ.ਪੀ.ਐੱਸ. ਅਧਿਕਾਰੀ ਜੀ ਸੰਪਤ ਕੁਮਾਰ ਨੂੰ 9 ਦਸੰਬਰ ਨੂੰ ਅਦਾਲਤ ‘ਚ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ ਹਨ। ਜਸਟਿਸ ਪੀ.ਐੱਨ. ਪ੍ਰਕਾਸ਼ ਅਤੇ ਆਰ.ਐੱਮ.ਟੀ. ਟੀਕਾਰਮਨ ਦੇ ਬੈਂਚ ਨੇ ਮਾਣਹਾਨੀ ਦੀ ਅਰਜ਼ੀ ‘ਤੇ ਸੁਣਵਾਈ ਦੌਰਾਨ ਸੰਵਿਧਾਨਕ ਨੋਟਿਸ ਜਾਰੀ ਕੀਤਾ। ਜ਼ਿਕਰਯੋਗ ਹੈ ਕਿ ਧੋਨੀ ਨੇ ਕ੍ਰਿਕਟ ਮੈਚਾਂ ਦੀ ਫਿਕਸਿੰਗ ਦੇ ਮਾਮਲੇ ‘ਚ ਸੁਪਰੀਮ ਕੋਰਟ ਅਤੇ ਕੁਝ ਸੀਨੀਅਰ ਵਕੀਲਾਂ ਖ਼ਿਲਾਫ਼ ਦਿੱਤੇ ਗਏ ਕਥਿਤ ਬਿਆਨਾਂ ਲਈ ਸੰਪਤ ਕੁਮਾਰ ਖ਼ਿਲਾਫ਼ ਮਾਣਹਾਨੀ ਦੀ ਕਾਰਵਾਈ ਸ਼ੁਰੂ ਕਰਨ ਅਤੇ ਸੰਮਨ ਜਾਰੀ ਕਰਨ ਵਾਸਤੇ ਹਾਈ ਕੋਰਟ ਦਾ ਰੁਖ਼ ਕੀਤਾ ਹੈ। ਅਸਲ ‘ਚ ਧੋਨੀ ਨੇ ਉਸ ਖ਼ਿਲਾਫ਼ ਕ੍ਰਿਕਟ ਮੈਚਾਂ ਦੀ ਸੱਟੇਬਾਜ਼ੀ ਸਬੰਧੀ ਕਿਸੇ ਵੀ ਅਪਮਾਨਜਨਕ ਬਿਆਨ ਦੇਣ ਤੋਂ ਪੱਕੇ ਤੌਰ ‘ਤੇ ਰੋਕਣ ਲਈ 2014 ‘ਚ ਸੰਪਤ ਕੁਮਾਰ ਖ਼ਿਲਾਫ਼ ਇਕ ਸਿਵਲ ਮੁਕੱਦਮਾ ਦਾਇਰ ਕੀਤਾ ਸੀ। 18 ਮਾਰਚ 2014 ਨੂੰ ਹਾਈ ਕੋਰਟ ਨੇ ਸੰਪਤ ਕੁਮਾਰ ਨੂੰ ਧੋਨੀ ਖ਼ਿਲਾਫ਼ ਕੋਈ ਵੀ ਬਿਆਨ ਨਾ ਦੇਣ ਦੀ ਹਦਾਇਤ ਕੀਤੀ ਸੀ। ਇਸ ਮਗਰੋਂ ਸੰਪਤ ਕੁਮਾਰ ਨੇ ਸੀਨੀਅਰ ਵਕੀਲ ਖ਼ਿਲਾਫ਼ ਟਿੱਪਣੀ ਕੀਤੀ ਸੀ। ਉਸ ਵੱਲੋਂ ਅਦਾਲਤ ਦੇ ਹੁਕਮਾਂ ਦੀ ਕੀਤੀ ਗਈ ਉਲੰਘਣਾ ਸਬੰਧੀ ਧੋਨੀ ਨੇ ਐਡਵੋਕੇਟ ਜਨਰਲ ਆਰ ਸ਼ਨਮੁਗਸੁੰਦਰਮ ਤੋਂ ਸਹਿਮਤੀ ਲੈਣ ਤੋਂ ਬਾਅਦ 11 ਅਕਤੂਬਰ ਨੂੰ ਮਾਣਹਾਨੀ ਪਟੀਸ਼ਨ ਦਾਇਰ ਕੀਤੀ ਹੈ।