ਸੁਪਰੀਮ ਕੋਰਟ ਵੱਲੋਂ ਰਿਹਾਅ ਕੀਤੇ ਗਏ ਰਾਜੀਵ ਗਾਂਧੀ ਹੱਤਿਆ ਕੇਸ ਦੇ ਪੰਜ ਦੋਸ਼ੀ ਜੇਲ੍ਹ ਵਿਚੋਂ ਬਾਹਰ ਆ ਗਏ ਹਨ। ਜੇਲ੍ਹ ਤੋਂ ਰਿਹਾਅ ਹੋਣ ਵਾਲਿਆਂ ‘ਚ ਨਲਿਨੀ ਸ੍ਰੀਹਰਨ, ਉਸ ਦਾ ਪਤੀ ਤੇ ਤਿੰਨ ਹੋਰ ਦੋਸ਼ੀ ਸ਼ਾਮਲ ਹਨ। ਵੈਲੂਰ ਦੀ ਵਿਸ਼ੇਸ਼ ਮਹਿਲਾ ਜੇਲ੍ਹ ਤੋਂ ਰਿਹਾਅ ਹੋਣ ਤੋਂ ਤੁਰੰਤ ਬਾਅਦ ਨਲਿਨੀ ਉਥੋਂ ਦੀ ਕੇਂਦਰੀ ਜੇਲ੍ਹ ਗਈ ਜਿੱਥੇ ਉਸ ਦਾ ਪਤੀ ਵੀ। ਸ੍ਰੀਹਰਨ ਉਰਫ਼ ਮੁਰੂਗਨ ਕੈਦ ਸੀ। ਮੁਰੂਗਨ ਵੀ ਰਿਹਾਅ ਹੋ ਗਿਆ ਤੇ ਦੋਵੇਂ ਇਕ-ਦੂਜੇ ਨੂੰ ਦੇਖ ਕੇ ਭਾਵੁਕ ਹੋ ਗਏ। ਮੁਰੂਗਨ ਤੇ ਸੰਤਨ ਜੋ ਕਿ ਸ੍ਰੀਲੰਕਾ ਦੇ ਨਾਗਰਿਕ ਹਨ, ਨੂੰ ਰਿਹਾਈ ਤੋਂ ਬਾਅਦ ਪੁਲੀਸ ਵਾਹਨ ‘ਚ ਤਿਰੂਚਰਾਪੱਲੀ ਦੇ ਸ਼ਰਨਾਰਥੀ ਕੈਂਪ ‘ਚ ਲਿਜਾਇਆ ਗਿਆ। ਸ੍ਰੀਲੰਕਾ ਦੇ ਹੋਰ ਨਾਗਰਿਕਾਂ-ਰਾਬਰਟ ਪਾਇਸ ਤੇ ਜਯਾਕੁਮਾਰ ਨੂੰ ਪੁਜ਼ਲ ਜੇਲ੍ਹ ‘ਚੋਂ ਰਿਹਾਅ ਕੀਤਾ ਗਿਆ। ਉਨ੍ਹਾਂ ਨੂੰ ਵੀ ਸ਼ਰਨਾਰਥੀ ਕੈਂਪ ਲਿਜਾਇਆ ਗਿਆ। ਮਈ ‘ਚ ਰਿਹਾਅ ਕੀਤਾ ਗਿਆ ਇਕ ਹੋਰ ਦੋਸ਼ੀ ਪੇਰਾਰੀਵਾਲਨ ਆਪਣੀ ਮਾਂ ਨਾਲ ਇਨ੍ਹਾਂ ਦੋਵਾਂ ਨੂੰ ਰਿਹਾਈ ਵੇਲੇ ਮਿਲਣ ਗਿਆ।