ਪੰਜਾਬ ਪੁਲੀਸ ‘ਚ ਬਤੌਰ ਕਾਂਸਟੇਬਲ ਕਰਦੀ ਇਕ ਮਹਿਲਾ ਆਪਣਾ ਲਿੰਗ ਬਦਲਣ ਦਾ ਆਪ੍ਰੇਸ਼ਨ ਕਰਵਾ ਕੇ ਮਰਦੀ ਬਣੀ ਹੈ। ਉਸਦੇ ਅਜਿਹਾ ਕਰਨ ਪਿੱਛੇ ਇਕ ਖਾਸ ਕਾਰਨ ਹੈ। ਇਹ ਮਹਿਲਾ ਕਾਂਸਟੇਬਲ ਬਠਿੰਡਾ ਵਿਖੇ ਤਾਇਨਾਤ ਹੈ ਜਿਸ ਦੀ ਹੁਣ ਚੁਫੇਰੇ ਚਰਚਾ ਹੋ ਰਹੀ ਹੈ। ਪੰਜਾਬ ‘ਚ ਇਹ ਪਹਿਲਾ ਮਾਮਲਾ ਹੈ ਜਿਸ ‘ਚ ਪੰਜਾਬ ਪੁਲੀਸ ਦੀ ਮਹਿਲਾ ਕਾਂਸਟੇਬਲ ਨੇ ਆਪਣਾ ਲਿੰਗ ਤਬਦੀਲ ਕਰਵਾਇਆ ਹੈ। ਉਹ ਹੁਣ ਆਪ੍ਰੇਸ਼ਨ ਤੋਂ ਬਾਅਦ ਮਰਦ ਬਣ ਚੁੱਕੀ ਹੈ। ਡਿਪਟੀ ਕਮਿਸ਼ਨਰ ਦਫ਼ਤਰ ਨੇ ਲਿੰਗ ਬਦਲੀ ਦਾ ਆਪ੍ਰੇਸ਼ਨ ਕਰਨ ਵਾਲੇ ਹਸਪਤਾਲ ਦੀ ਰਿਪੋਰਟ ਦੇ ਆਧਾਰ ‘ਤੇ ਉਕਤ ਕਾਂਸਟੇਬਲ ਦਾ ਨਾਂ ਤੇ ਲਿੰਗ ਬਦਲੀ ਦਾ ਸਰਟੀਫੀਕੇਟ ਜਾਰੀ ਕਰ ਦਿੱਤਾ ਹੈ। ਹੁਣ ਉਸ ਨੇ ਡੀ.ਸੀ. ਦਫ਼ਤਰ ਦੇ ਸਰਟੀਫੀਕੇਟ ਦੇ ਆਧਾਰ ‘ਤੇ ਲਿੰਗ ਤਬਦੀਲੀ ਦੀ ਮਨਜ਼ੂਰੀ ਲਈ ਪੰਜਾਬ ਪੁਲੀਸ ਦੇ ਉੱਚ ਅਧਿਕਾਰੀਆਂ ਨੂੰ ਅਰਜ਼ੀ ਦਿੱਤੀ ਹੈ, ਜਿਸ ਤੋਂ ਬਾਅਦ ਬਠਿੰਡਾ ਪੁਲੀਸ ਦੇ ਅਧਿਕਾਰੀ ਦੁਚਿੱਤੀ ‘ਚ ਪਏ ਹੋਏ ਹਨ। ਜਾਣਕਾਰੀ ਦੇ ਅਨੁਸਾਰ ਮਹਿਲਾ ਕਾਂਸਟੇਬਲ ਨੇ ਡਾਇਸ਼ੋਰੀਆ (ਔਰਤ ਤੋਂ ਮਰਦ) ਅਤੇ ਲਿੰਗ ਰੀਸਾਈਨਮੈਂਟ ਸਰਜਰੀ ਦਸੰਬਰ 2020 ‘ਚ ਨਵੀਂ ਦਿੱਲੀ ਦੇ ਇਕ ਹਸਪਤਾਲ ਤੋਂ ਕਰਵਾਈ। ਪਤਾ ਲੱਗਾ ਹੈ ਕਿ ਉਸ ਨੇ ਲਿੰਗ ਬਦਲਣ ਲਈ ਆਪ੍ਰੇਸ਼ਨ ਕਰਵਾਉਣ ਤੋਂ ਪਹਿਲਾਂ ਪੁਲੀਸ ਵਿਭਾਗ ਤੋਂ ਇਸ ਦੀ ਕੋਈ ਮਨਜ਼ੂਰੀ ਨਹੀਂ ਲਈ। ਉਕਤ ਕਾਂਸਟੇਬਲ ਸਾਲ 2011 ਤੋਂ ਬਠਿੰਡਾ ਪੁਲੀਸ ‘ਚ ਤਾਇਨਾਤ ਹੈ। ਮਰਦਾਂ ਵਾਲੀਆਂ ਰੁਚੀਆਂ ਤੇ ਲੱਛਣ ਜ਼ਿਆਦਾ ਮਹਿਸੂਸ ਕਰਨ ਤੋਂ ਬਾਅਦ ਮਹਿਲਾ ਕਾਂਸਟੇਬਲ ਨੇ ਲਿੰਗ ਤਬਦੀਲੀ ਦਾ ਫ਼ੈਸਲਾ ਲਿਆ। ਨਵੀਂ ਦਿੱਲੀ ਦੇ ਇਕ ਹਸਪਤਾਲ ‘ਚੋਂ ਆਪ੍ਰੇਸ਼ਨ ਕਰਵਾਉਣ ਤੋਂ ਬਾਅਦ ਉਕਤ ਕਾਂਸਟੇਬਲ ਬਿਲਕੁਲ ਠੀਕ ਹੈ। ਇਹ ਕਾਂਸਟੇਬਲ ਪਹਿਲੀ ਵਾਰ 2012 ਵਿਚ ਉਸ ਸਮੇਂ ਸੁਰਖੀਆਂ ਵਿਚ ਆਈ ਸੀ ਜਦੋਂ ਉਹ ਆਪਣੇ ਪਰਿਵਾਰ ਦੇ ਸਖ਼ਤ ਵਿਰੋਧ ਦੇ ਬਾਵਜੂਦ ਬਠਿੰਡਾ ਜ਼ਿਲ੍ਹੇ ਦੇ ਆਪਣੇ ਪਿੰਡ ਤੋਂ ਆਪਣੇ ਬਚਪਨ ਦੀ ਸਹੇਲੀ ਨਾਲ ਲਿਵ-ਇਨ ਰਿਲੇਸ਼ਨਸ਼ਿਪ ‘ਚ ਰਹਿਣ ਲੱਗੀ ਸੀ। ਉਸ ਨੇ ਆਪਣੀ ਸਹੇਲੀ ਨਾਲ ਇਕੱਠੇ ਰਹਿਣ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ‘ਚ ਵੀ ਅਪੀਲ ਦਾਇਰ ਕਰ ਕੇ ਸੁਰੱਖਿਆ ਮੰਗੀ ਸੀ। ਉਸ ਨੇ ਉਸ ਸਮੇਂ ਕਿਹਾ ਸੀ ਕਿ ਦੋਵਾਂ ਸਹੇਲੀਆਂ ਨੂੰ ਉਨ੍ਹਾਂ ਦੇ ਪਰਿਵਾਰਾਂ ਤੋਂ ਖ਼ਤਰਾ ਹੈ। ਹਾਲਾਂਕਿ ਦੋਵਾਂ ਸਹੇਲੀਆਂ ਦੇ ਰਿਸ਼ਤੇ ‘ਚ ਸਾਲ 2019 ‘ਚ ਉਦੋਂ ਖਟਾਸ ਪੈਦਾ ਹੋ ਗਈ ਸੀ ਜਦੋਂ ਦੋਵਾਂ ਨੇ ਇਕ ਦੂਜੇ ‘ਤੇ ਤੰਗ-ਪਰੇਸ਼ਾਨ ਕਰਨ ਦੀਆਂ ਪੁਲੀਸ ਕੋਲ ਸ਼ਿਕਾਇਤਾਂ ਕੀਤੀਆਂ ਸਨ। ਇਸ ਤੋਂ ਬਾਅਦ ਉਕਤ ਕਾਂਸਟੇਬਲ ਆਪਣੀ ਸਹੇਲੀ ਨਾਲੋਂ ਵੱਖ ਹੋ ਗਈ ਸੀ। ਜਦੋਂ ਉਕਤ ਕਾਂਸਟੇਬਲ ਨਾਲ ਫੋਨ ‘ਤੇ ਸੰਪਰਕ ਕੀਤਾ ਗਿਆ ਤਾਂ ਉਸ ਨੇ ਇਸ ਨੂੰ ਆਪਣਾ ਨਿੱਜੀ ਮਾਮਲਾ ਦੱਸਦਿਆਂ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਮੁੱਦੇ ‘ਤੇ ਬਠਿੰਡਾ ਰੇਂਜ ਆਈ.ਜੀ. ਮੁਖਵਿੰਦਰ ਸਿੰਘ ਛੀਨਾ ਨੇ ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਹੈ ਜਦੋਂ ਪੁਲਿਸ ਨੂੰ ਕਿਸੇ ਮਹਿਲਾ ਕਾਂਸਟੇਬਲ ਨੇ ਲਿੰਗ ਬਦਲਣ ਦੀ ਅਰਜ਼ੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ‘ਤੇ ਕਾਨੂੰਨੀ ਰਾਏ ਲੈ ਕੇ ਮਾਮਲਾ ਮੁੱਖ ਦਫ਼ਤਰ ਨੂੰ ਭੇਜਿਆ ਜਾਵੇਗਾ ਅਤੇ ਫਿਰ ਇਸ ਮਾਮਲੇ ‘ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।