ਇੰਡੀਆ ਦੀ ਅਨਵੇਸ਼ਾ ਗੌੜਾ ਨੂੰ ਆਸਟਰੇਲੀਅਨ ਓਪਨ ਸੁਪਰ 300 ਬੈਡਮਿੰਟਨ ਟੂਰਨਾਮੈਂਟ ਦੇ ਮਹਿਲਾ ਸਿੰਗਲਜ਼ ਦੇ ਦੂਜੇ ਗੇੜ ‘ਚ ਹਾਰ ਦਾ ਸਾਹਮਣਾ ਕਰਨਾ ਪਿਆ। ਅਨਵੇਸ਼ਾ ਦੀ ਹਾਰ ਮਗਰੋਂ ਇੰਡੀਆ ਇਸ ਟੂਰਨਾਮੈਂਟ ਵਿੱਚੋਂ ਬਾਹਰ ਹੋ ਗਿਆ ਹੈ। ਅਨਵੇਸ਼ਾ ਨੂੰ ਮਲੇਸ਼ੀਆ ਦੀ ਜਿਨ ਵੇਈ ਗੋਹ ਨੇ ਸਿੱਧੇ ਸੈੱਟ ਚ 21-7, 21-13 ਨਾਲ ਹਰਾਇਆ। ਦਿੱਲੀ ਦੀ 14 ਸਾਲ ਦੀ ਅਨਵੇਸ਼ਾ ਨੇ ਇਸ ਸਾਲ ਛੇ ਜੂਨੀਅਰ ਇੰਟਰਨੈਸ਼ਨਲ ਟੂਰਨਾਮੈਂਟ ਦੇ ਫਾਈਨਲ ‘ਚ ਜਗ੍ਹਾ ਬਣਾਉਂਦਿਆਂ ਚਾਰ ਖਿਤਾਬ ਜਿੱਤੇ ਹਨ। ਇਸ ਸਾਲ ਇਬੇਰਡਰੋਲਾ ਸਪੈਨਿਸ਼ ਜੂਨੀਅਰ ਇੰਟਰਨੈਸ਼ਨਲ, ਫੇਰੋਏ ਗੇਮਜ਼ ਜੂਨੀਅਰ ਇੰਟਰਨੈਸ਼ਨਲ, ਐੱਫਜ਼ੈੱਡ ਫੋਰਜ਼ਾ ਸਟੌਕਹੋਮ ਜੂਨੀਅਰ ਅਤੇ ਅਮੋਤ ਇਜ਼ਰਾਇਲ ਜੂਨੀਅਰ ਦਾ ਖਿਤਾਬ ਜਿੱਤਣ ਵਾਲੀ ਅਨਵੇਸ਼ਾ ਬੁਲਗਾਰੀਆ ਅਤੇ ਡੈਨਮਾਰਕ ‘ਚ ਵੀ ਜੂਨੀਅਰ ਕੌਮਾਂਤਰੀ ਮੁਕਾਬਲਿਆਂ ‘ਚ ਪਹੁੰਚੀ। ਇਸ ਮਹੀਨੇ ਸੱਟ ਲੱਗਣ ਕਾਰਨ ਹਾਈਲੋਓਪਨ ਦੇ ਪਹਿਲੇ ਗੇੜ ਦਾ ਮੁਕਾਬਲਾ ਵਿਚਾਲੇ ਛੱਡਣ ਵਾਲੇ ਇੰਡੀਆ ਦੇ ਸਿਖਰਲੇ ਪੁਰਸ਼ ਖਿਡਾਰੀ ਸਮੀਰ ਵਰਮਾ ਟੂਰਨਾਮੈਂਟ ਤੋਂ ਬਾਹਰ ਹੋ ਗਏ ਹਨ। ਸਿਮਰਨ ਸਿੰਧੀ ਅਤੇ ਰਿਤਿਕਾ ਠਾਕੁਰ ਦੀ ਜੋੜੀ ਵੀ ਮੁਕਾਬਲੇ ‘ਚੋਂ ਬਾਹਰ ਹੋ ਗਈ ਹੈ, ਜਦਕਿ ਰੁਤਾਪਰਨਾ ਪਾਂਡਾ ਅਤੇ ਸਵੇਤਾਪਰਨਾ ਪਾਂਡਾ ਦੀ ਮਹਿਲਾ ਜੋੜੀ ਤਾਈਪੇ ਦੀ ਲੀ ਚੀਆ ਸਿਨ ਅਤੇ ਤੇਂਗ ਚੁਨ ਸੁਨ ਤੋਂ 16-21, 14-21 ਦੇ ਫ਼ਰਕ ਨਾਲ ਹਾਰ ਕੇ ਮੁਕਾਬਲੇ ਤੋਂ ਬਾਹਰ ਹੋ ਗਈਆਂ ਹਨ।