ਇੰਡੀਆ ਦੀ ਸਟਾਰ ਟੇਬਲ ਟੈਨਿਸ ਖਿਡਾਰਨ ਮਨਿਕਾ ਬੱਤਰਾ ਆਈ.ਟੀ.ਟੀ.ਐੱਫ-ਏ.ਟੀ.ਟੀ.ਯੂ. ਏਸ਼ੀਅਨ ਕੱਪ ‘ਚ ਮੈਡਲ ਜਿੱਤਣ ਵਾਲੀ ਪਹਿਲੀ ਭਾਰਤੀ ਟੇਬਲ ਟੈਨਿਸ ਖਿਡਾਰਨ ਬਣ ਗਈ ਜਿਨ੍ਹਾਂ ਨੇ ਦੁਨੀਆ ਦੀ ਛੇਵੇਂ ਨੰਬਰ ਦੀ ਖਿਡਾਰਨ ਜਾਪਾਨ ਦੀ ਹਿਨਾ ਹਯਾਤਾ ਨੂੰ ਪਲੇਆਫ ‘ਚ ਹਰਾ ਕੇ ਕਾਂਸੇ ਦਾ ਮੈਡਲ ਜਿੱਤਿਆ। ਦੁਨੀਆ ਦੀ 44ਵੇਂ ਨੰਬਰ ਦੀ ਖਿਡਾਰਨ ਮਨਿਕਾ ਨੇ ਹਯਾਤਾ ਨੂੰ 11-6, 6-11, 11-7, 12-10, 4-11, 11-2 ਨਾਲ ਹਰਾਇਆ। ਜਿੱਤ ਤੋਂ ਬਾਅਦ ਮਨਿਕਾ ਨੇ ਕਿਹਾ ਕਿ ਇਹ ਮੇਰੇ ਲਈ ਬਹੁਤ ਵੱਡੀ ਜਿੱਤ ਹੈ। ਮੈਂ ਖੇਡ ਦਾ ਪੂਰਾ ਮਜ਼ਾ ਲਿਆ ਤੇ ਸਿਖਰਲੇ ਖਿਡਾਰੀਆਂ ਖ਼ਿਲਾਫ਼ ਚੰਗਾ ਪ੍ਰਦਰਸ਼ਨ ਕੀਤਾ। ਮੈਂ ਭਵਿੱਖ ‘ਚ ਵੀ ਮਿਹਨਤ ਕਰਦੀ ਰਹਾਂਗੀ। ਇਸ ਤੋਂ ਪਹਿਲਾਂ ਉਹ ਸੈਮੀਫਾਈਨਲ ‘ਚ ਜਾਪਾਨ ਦੀ ਚੌਥਾ ਦਰਜਾ ਹਾਸਲ ਮੀਮਾ ਇਤੋ ਹੱਥੋਂ ਹਾਰ ਗਈ ਸੀ। ਗ਼ੈਰ ਦਰਜਾ ਹਾਸਲ ਮਨਿਕਾ ਇਸ ਮਹਾਦੀਪੀ ਟੂਰਨਾਮੈਂਟ ਦੇ ਸੈਮੀਫਾਈਨਲ ‘ਚ ਪੁੱਜਣ ਵਾਲੀ ਪਹਿਲੀ ਭਾਰਤੀ ਮਹਿਲਾ ਬਣੀ ਸੀ। ਉਨ੍ਹਾਂ ਨੂੰ ਦੁਨੀਆ ਦੀ ਪੰਜਵੇਂ ਨੰਬਰ ਦੀ ਟੇਬਲ ਟੈਨਿਸ ਖਿਡਾਰਨ ਹੱਥੋਂ 8-11, 11-7, 7-11, 6-11, 11-8, 7-11 (2-4) ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਮਨਿਕਾ ਨੇ ਕੁਆਰਟਰ ਫਾਈਨਲ ‘ਚ ਚੀਨ ਦੀ ਤਾਇਪੇ ਦੀ ਆਪਣੇ ਤੋਂ ਬਿਹਤਰ ਰੈਂਕਿੰਗ ਦੀ ਚੇਨ ਸੂ ਯੂ ਨੂੰ 4-3 ਨਾਲ ਮਾਤ ਦਿੱਤੀ ਸੀ। ਮਨਿਕਾ ਏਸ਼ੀਆ ਕੱਪ ਦੇ 39 ਸਾਲ ਦੇ ਇਤਿਹਾਸ ‘ਚ ਭਾਰਤੀਆਂ ‘ਚ ਸਰਬੋਤਮ ਪ੍ਰਦਰਸ਼ਨ ਦਾ ਰਿਕਾਰਡ ਆਪਣੇ ਨਾਂ ਕਰ ਚੁੱਕੀ ਹੈ। ਇਸ ਤੋਂ ਪਹਿਲਾਂ 2015 ‘ਚ ਅਚੰਤਾ ਸ਼ਰਤ ਕਮਲ ਤੇ 2019 ਵਿਚ ਜੀ ਸਾਥੀਆਨ ਛੇਵੇਂ ਸਥਾਨ ‘ਤੇ ਰਹੇ ਸਨ। ਇਸ ਭਾਰਤੀ ਖਿਡਾਰੀ ਨੇ ਇਸ ਤੋਂ ਪਹਿਲਾਂ ਚੀਨ ਦੀ ਦੁਨੀਆ ‘ਚ ਸੱਤਵੇਂ ਨੰਬਰ ਦੀ ਚੇਨ ਜਿੰਗਟੋਂਗ ਨੂੰ ਉਲਟਫੇਰ ਦਾ ਸ਼ਿਕਾਰ ਬਣਾਇਆ ਸੀ।