ਜੇਲ੍ਹਾਂ ‘ਚ ਗੈਂਗਸਟਰਾਂ ਸਮੇਤ ਰਸੂਖ ਵਾਲੇ ਹੋਰ ਕੈਦੀਆਂ ਵੱਲੋਂ ਮੋਬਾਈਲਾਂ ਫੋਨਾਂ ਦੀ ਵਰਤੋਂ ਦੇ ਦੋਸ਼ ਕਈ ਸਾਲਾਂ ਤੋਂ ਲੱਗਦੇ ਆ ਰਹੇ ਹਨ ਅਤੇ ਆਮ ਆਦਮੀ ਪਾਰਟੀ ਨੇ ਸੱਤਾ ‘ਚ ਆਉਣ ਵਾਲੇ ਇਸ ‘ਤੇ ਰੋਕ ਲਾਉਣ ਦਾ ਦਾਅਵਾ ਕੀਤਾ ਸੀ। ਪਰ ਇਹ ਵਰਤਾਰਾ ਹਾਲੇ ਵੀ ਪੂਰੀ ਤਰ੍ਹਾਂ ਰੁਕ ਨਹੀਂ ਸਕਿਆ। ਹੁਣ ਪੰਜਾਬ ਸਰਕਾਰ ਜੇਲ੍ਹਾਂ ਦਾ ਸੁਧਾਰ ਕਰਨ ਅਤੇ ਜੇਲ੍ਹਾਂ ਵਿੱਚੋਂ ਨਿੱਤ ਮਿਲ ਰਹੇ ਮੋਬਾਈਲ ਫੋਨਾਂ ਦੀ ਵਰਤੋਂ ‘ਤੇ ਰੋਕ ਲਗਾਉਣ ਲਈ ਨਵੀਂ ਤਕਨੀਕ ਲਿਆ ਰਹੀ ਹੈ, ਜਿਸ ਨਾਲ ਨੈੱਟਵਰਕ ਨੂੰ ਹੀ ਬਲਾਕ ਕਰ ਦਿੱਤਾ ਜਾਵੇਗਾ। ਇਸ ਗੱਲ ਦੀ ਪੁਸ਼ਟੀ ਜੇਲ੍ਹ ਅਤੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕੀਤੀ ਹੈ। ਬੈਂਸ ਨੇ ਕਿਹਾ ਕਿ ਪੰਜਾਬ ਸਰਕਾਰ ਜੇਲ੍ਹਾਂ ‘ਚ ਸੁਧਾਰ ਕਰਨ ਲਈ ਪਾਇਲਟ ਪ੍ਰਾਜੈਕਟ ਤਹਿਤ ਦੋ ਆਧੁਨਿਕ ਤਕਨੀਕਾਂ ਲਿਆ ਰਹੀ ਹੈ ਤਾਂ ਜੋ ਜੇਲ੍ਹਾਂ ‘ਚ ਮੋਬਾਈਲ ਫੋਨਾਂ ਦੀ ਵਰਤੋਂ ਨੂੰ ਰੋਕਿਆ ਜਾ ਸਕੇ। ਜੇਲ੍ਹ ਮੰਤਰੀ ਨੇ ਕਿਹਾ ਕਿ ਪਹਿਲਾਂ ਜੇਲ੍ਹਾਂ ‘ਚ 2ਜੀ ਜੈਮਰ ਰਾਹੀਂ ਮੋਬਾਈਲ ਨੈੱਟਵਰਕ ਜਾਮ ਕੀਤਾ ਜਾਂਦਾ ਸੀ ਪਰ ਹੁਣ ਮੋਬਾਈਲ ਨੈੱਟਵਰਕ 5ਜੀ ਆ ਗਿਆ, ਜਿਸ ਨੂੰ ਰੋਕਣਾ ਬਹੁਤ ਮੁਸ਼ਕਿਲ ਹੈ। ਪੰਜਾਬ ਸਰਕਾਰ ਵੱਲੋਂ ਹੁਣ ‘ਬਲੌਕੇਜ ਤਕਨੀਕ ਅਤੇ ਆਰਐੱਫ ਤਕਨੀਕ’ ਲਿਆਂਦੀ ਜਾ ਰਹੀ ਹੈ। ਇਸ ਤਕਨੀਕ ਦਾ ਤਜਰਬਾ ਅੰਮ੍ਰਿਤਸਰ ਅਤੇ ਕਪੂਰਥਲਾ ਜੇਲ੍ਹ ਤੋਂ ਕੀਤਾ ਜਾ ਰਿਹਾ ਹੈ। ਉਸ ਤੋਂ ਬਾਅਦ ਰੋਪੜ ਜੇਲ੍ਹ ‘ਚ ਵੱਖਰੀ ਤਕਨੀਕ ਲਿਆਉਣ ਬਾਰੇ ਵਿਚਾਰ ਚੱਲ ਰਿਹਾ ਹੈ। ਬੈਂਸ ਨੇ ਕਿਹਾ ਕਿ ਇਨ੍ਹਾਂ ‘ਚ ਜਿਹੜੀ ਤਕਨੀਕ ਸਭ ਤੋਂ ਵਧੀਆ ਰਹੇਗੀ, ਉਸੇ ਨੂੰ ਸੂਬੇ ਦੀਆਂ ਬਾਕੀ ਜੇਲ੍ਹਾਂ ‘ਚ ਲਾਗੂ ਕੀਤਾ ਜਾਵੇਗਾ। ਗੌਰਤਲਬ ਹੈ ਕਿ ਜੇਲ੍ਹਾਂ ‘ਚ ਬੈਠੇ ਗੈਂਗਸਟਰ ਮੋਬਾਈਲ ਫੋਨਾਂ ਰਾਹੀਂ ਬਾਹਰ ਸੂਬੇ ‘ਚ ਅਮਨ ਅਤੇ ਕਾਨੂੰਨ ਦੀ ਸਥਿਤੀ ਨੂੰ ਵਿਗਾੜ ਰਹੇ ਹਨ। ਗੈਂਗਸਟਰਾਂ ਵੱਲੋਂ ਬਾਹਰ ਆਪਣੀ ਗੈਂਗ ਚਲਾਉਣ ਲਈ ਮਿਨੀ ਮੋਬਾਈਲ ਫੋਨ ਦੀ ਵਰਤੋਂ ਕੀਤੀ ਜਾ ਰਹੀ ਹੈ, ਜਿਸ ਨੂੰ ਤਲਾਸ਼ੀ ਦੌਰਾਨ ਲੱਭਣ ‘ਚ ਪੁਲੀਸ ਨਾਕਾਮ ਰਹਿ ਰਹੀ ਹੈ। ਇਸੇ ਕਰਕੇ ਜੇਲ੍ਹਾਂ ‘ਚ ਮੋਬਾਈਲ ਫੋਨ ਦੀ ਵਰਤੋਂ ਨੂੰ ਰੋਕਣ ਲਈ ਪੰਜਾਬ ਸਰਕਾਰ ਨਵੀਂ ਤਕਨੀਕ ਦੀ ਵਰਤੋਂ ਕਰੇਗੀ। ਦੱਸਣਯੋਗ ਹੈ ਕਿ ਜੇਲ੍ਹ ਪ੍ਰਸ਼ਾਸਨ ਵੱਲੋਂ ਪਿਛਲੇ ਛੇ ਮਹੀਨਿਆਂ ‘ਚ 3600 ਤੋਂ ਵੱਧ ਮੋਬਾਈਲ ਫੋਨ ਬਰਾਮਦ ਕੀਤੇ ਗਏ ਹਨ।