ਕਰੀਬ ਚਾਰ ਸਾਲ ਪਹਿਲਾਂ ਆਸਟਰੇਲੀਅਨ ਲੜਕੀ ਦਾ ਕੁਈਨਜ਼ਲੈਂਡ ‘ਚ ਕਤਲ ਕਰਨ ਤੋਂ ਬਾਅਦ ਫਰਾਰ ਹੋਇਆ ਪੰਜਾਬੀ ਮੂਲ ਦਾ ਵਿਅਕਤੀ ਦਿੱਲੀ ‘ਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਸ ਦੇ ਸਿਰ ‘ਤੇ ਕਰੋੜਾਂ ਰੁਪਏ ਦਾ ਇਨਾਮ ਰੱਖਿਆ ਗਿਆ ਸੀ। 2018 ਤੋਂ ਫਰਾਰ ਚੱਲ ਰਹੇ 38 ਸਾਲਾ ਰਾਜਵਿੰਦਰ ਸਿੰਘ ਨੂੰ ਦਿੱਲੀ ਪੁਲੀਸ ਦੇ ਸਪੈਸ਼ਲ ਸੈੱਲ ਨੇ ਸ਼ੁੱਕਰਵਾਰ ਨੂੰ ਗ੍ਰਿਫ਼ਤਾਰ ਕੀਤਾ। ਹਾਲ ਹੀ ‘ਚ ਆਸਟਰੇਲੀਅਨ ਪੁਲੀਸ ਨੇ ਉਸ ਦੀ ਗ੍ਰਿਫ਼ਤਾਰੀ ਲਈ ਕਿਸੇ ਵੀ ਤਰ੍ਹਾਂ ਦੀ ਸੂਚਨਾ ਲਈ ਇਕ ਮਿਲੀਅਨ ਡਾਲਰ ਦਾ ਇਨਾਮ ਐਲਾਨਿਆ ਸੀ। ਦੋਸ਼ੀ ਦੀ ਪਛਾਣ ਪੰਜਾਬ ਦੇ ਬੁਟੱਰ ਕਲਾਂ ਦੇ ਰਹਿਣ ਵਾਲੇ ਰਾਜਵਿੰਦਰ ਸਿੰਘ ਵਜੋਂ ਹੋਈ ਹੈ, ਜੋ ਕੁਈਨਜ਼ਲੈਂਡ ਦੇ ਇਨਫਿਸਿਲ ‘ਚ ਨਰਸ ਵਜੋਂ ਕੰਮ ਕਰਦਾ ਸੀ। ਪੁਲੀਸ ਨੇ ਕਿਹਾ, ‘ਆਸਟਰੇਲੀਆ ਹਾਈ ਕਮਿਸ਼ਨ ਨੇ ਆਸਟਰੇਲੀਆ ਦੇ ਕੁਈਨਜ਼ਲੈਂਡ ‘ਚ 21 ਅਕਤੂਬਰ 2018 ਨੂੰ ਇਕ ਆਸਟਰੇਲੀਅਨ ਔਰਤ ਦਾ ਕਤਲ ਕਰਨ ਵਾਲੇ ਭਾਰਤੀ ਮੂਲ ਦੇ ਆਸਟਰੇਲੀਅਨ ਨਾਗਰਿਕ ਰਾਜਵਿੰਦਰ ਸਿੰਘ ਦੀ ਗ੍ਰਿਫ਼ਤਾਰੀ ‘ਤੇ 4 ਨਵੰਬਰ ਟਵਿੱਟਰ ਦੇ ਮਾਧਿਅਮ ਨਾਲ ਇਕ ਮਿਲੀਅਨ ਆਸਟਰੇਲੀਅਨ ਡਾਲਰ ਦਾ ਇਨਾਮ ਐਲਾਨ ਕੀਤਾ ਸੀ।’ ਦੱਸਣਯੋਗ ਹੈ ਕਿ 24 ਸਾਲਾ ਟੋਯਾਹ ਕੋਰਡਿੰਗਲੇ ਕੁਈਨਜ਼ਲੈਂਡ ‘ਚ ਕੇਨਰਜ਼ ਤੋਂ 40 ਕਿਲੋਮੀਟਰ ਉੱਤਰ ‘ਚ ਵਾਂਗੇਟੀ ਬੀਚ ‘ਤੇ ਆਪਣੇ ਕੁੱਤੇ ਨੂੰ ਟਹਿਲਾ ਰਹੀ ਸੀ, ਉਦੋਂ ਰਾਜਵਿੰਦਰ ਸਿੰਘ ਨੇ ਉਸ ਨੂੰ ਮਾਰ ਦਿੱਤਾ। ਇਕ ਸੀਨੀਅਰ ਪੁਲੀਸ ਅਧਿਕਾਰੀ ਮੁਤਾਬਕ ਇੰਟਰਪੋਲ ਨੇ ਉਕਤ ਦੋਸ਼ੀ ਦੇ ਸੰਬੰਧ ‘ਚ ਰੈੱਡ ਕਾਰਨਰ ਨੋਟਿਸ ਵੀ ਜਾਰੀ ਕੀਤਾ ਸੀ ਅਤੇ ਸੀ.ਬੀ.ਆਈ./ਇੰਟਰਪੋਲ ਨਵੀਂ ਦਿੱਲੀ ਨੇ ਪਟਿਆਲਾ ਤੋਂ ਉਸ ਦੇ ਨਾਮ ਖ਼ਿਲਾਫ਼ ਹਵਾਲਗੀ ਐਕਟ ਦੇ ਅਧੀਨ ਗੈਰਜ਼ਮਾਨਤੀ ਵਾਰੰਟ ਵੀ ਜਾਰੀ ਕੀਤਾ ਸੀ। ਜ਼ਿਕਰਯੋਗ ਹੈ ਕਿ ਰਾਜਵਿੰਦਰ ਸਿੰਘ ਕੁਈਨਜ਼ਲੈਂਡ ‘ਚ ਆਪਣੇ ਪਰਿਵਾਰ ਨਾਲ ਰਹਿੰਦਾ ਸੀ। ਅਕਤੂਬਰ 2018 ‘ਚ ਕਤਲ ਤੋਂ ਬਾਅਦ ਉਹ ਪਰਿਵਾਰ, ਜਿਸ ‘ਚ ਪਤਨੀ ਅਤੇ ਤਿੰਨ ਬੱਚੇ ਸ਼ਾਮਲ ਹਨ, ਨੂੰ ਆਸਟਰੇਲੀਆ ਛੱਡ ਕੇ ਫਰਾਰ ਹੋ ਗਿਆ। ਉਸ ਤੋਂ ਬਾਅਦ ਉਹ ਕਿਸੇ ਤਰ੍ਹਾਂ ਦਿੱਲੀ ਪਹੁੰਚ ਗਿਆ ਅਤੇ ਇਥੇ ਹੀ ਲੁਕ ਕੇ ਰਹਿ ਰਿਹਾ ਸੀ।