ਇਕ ਛੋਟੇ ਬੱਚੇ ਦੀ ਸੋਸ਼ਲ ਮੀਡੀਆ ‘ਤੇ ਰਫਲ ਨਾਲ ਨਜ਼ਰ ਆਈ ਪੋਸਟ ਤੋਂ ਬਾਅਦ ਮਾਮਲਾ ਦਰਜ ਕਰਨ ਕਰਕੇ ਛਿੜੀ ਚਰਚਾ ਤੋਂ ਬਾਅਦ ਇਹ ਪਰਚਾ ਰੱਦ ਕਰ ਦਿੱਤਾ ਗਿਆ ਹੈ ਪਰ ਨਾਲ ਹੀ ਪੰਜਾਬ ਸਰਕਾਰ ਅਤੇ ਪੰਜਾਬ ਪੁਲੀਸ ਨੇ ਸੋਸ਼ਲ ਮੀਡੀਆ ਤੋਂ ਅਜਿਹੀਆਂ ਪੋਸਟਾਂ ਹਟਾਉਣ ਲਈ 72 ਘੰਟੇ ਦਾ ਸਮਾਂ ਦਿੱਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਪੁਲੀਸ ਦੇ ਮੁਖੀ ਗੌਰਵ ਯਾਦਵ ਨੂੰ ਅੱਜ ਕਿਹਾ ਕਿ ਲੋਕਾ ਨੂੰ ਗੰਨ ਕਲਚਰ ਅਤੇ ਹਿੰਸਾ ਨੂੰ ਹੱਲਾਸ਼ੇਰੀ ਦਿੰਦੀਆਂ ਪੋਸਟਾਂ ਹਟਾਉਣ ਲਈ ਦੋ ਤਿੰਨ ਦਾ ਸਮਾਂ ਦਿੱਤਾ ਜਾਵੇ। ਅਜਿਹਾ ਲੋਕਾਂ ਨੂੰ ਇਹ ਪੋਸਟਾਂ ਆਪਣੇ ਆਪ ਹਟਾ ਲੈਣ ਲਈ ਦਿੱਤਾ ਗਿਆ ਹੈ ਤਾਂ ਜੋ ਬਾਅਦ ‘ਚ ਹੋਣ ਵਾਲੀ ਕਾਰਵਾਈ ਤੋਂ ਉਹ ਬਚ ਸਕਣ। ਯਾਦ ਰਹੇ ਕਿ ਵੱਖ-ਵੱਖ ਜ਼ਿਲ੍ਹਿਆਂ ‘ਚ ਹਥਿਆਰਾਂ ਨਾਲ ਪਾਈਆਂ ਪੋਸਟਾਂ ਕਰਕੇ ਕਈ ਪਰਚੇ ਦਰਜ ਕੀਤੇ ਗਏ ਹਨ। ਇਸੇ ਲੜੀ ‘ਚ ਇਕ ਛੋਟੇ ਬੱਚੇ ਖ਼ਿਲਾਫ਼ ਪਰਚਾ ਦਰਜ ਹੋਣ ‘ਤੇ ਰੌਲਾ ਪੈ ਗਿਆ। ਇਸ ਤੋਂ ਬਾਅਦ ਹਾਕਮ ਧਿਰ ਦੇ ਵਿਧਾਇਕਾਂ ਅਤੇ ਆਗੂਆਂ, ਇਥੋਂ ਤੱਕ ਕਿ ਮਹਿਲਾ ਵਿਧਾਇਕਾਂ ਦੀਆਂ ਹਥਿਆਰ ਫੜ ਕੇ ਖਿਚਾਈਆਂ ਤਸਵੀਰਾਂ ਦਾ ਸੋਸ਼ਲ ਮੀਡੀਆ ‘ਤੇ ਹੜ੍ਹ ਆ ਗਿਆ। ਅਖੀਰ ਮੁੱਖ ਮੰਤਰੀ ਨੇ ਫੌਰੀ ਕਦਮ ਚੁੱਕਿਆ ਅਤੇ ਉਨ੍ਹਾਂ ਦੀ ਹਦਾਇਤ ‘ਤੇ ਪੰਜਾਬ ਦੇ ਡੀ.ਜੀ.ਪੀ. ਗੌਰਵ ਯਾਦਵ ਨੇ ਪੰਜਾਬ ‘ਚ ਬੰਦੂਕ ਸੱਭਿਆਚਾਰ ਅਤੇ ਹਿੰਸਾ ਨੂੰ ਹੱਲਾਸ਼ੇਰੀ ਦੇਣ ਵਾਲੀ ਕਿਸੇ ਵੀ ਸੋਸ਼ਲ ਮੀਡੀਆ ਪੋਸਟ ਨੂੰ ਹਟਾਉਣ ਲਈ ਲੋਕਾਂ ਨੂੰ 72 ਘੰਟਿਆਂ ਦਾ ਸਮਾਂ ਦਿੱਤਾ ਹੈ। ਉਨ੍ਹਾਂ ਕਿਹਾ ਕਿ 72 ਘੰਟਿਆਂ ਤੱਕ ਅਜਿਹੀ ਪੋਸਟ ਸਬੰਧੀ ਕੋਈ ਐੱਫ.ਆਈ.ਆਰ. ਦਰਜ ਨਹੀਂ ਕੀਤੀ ਜਾਵੇਗੀ, ਜਿਸ ਤੋਂ ਬਾਅਦ ਅਜਿਹੀਆਂ ਪੋਸਟਾਂ ਨੂੰ ਹਟਾਉਣ ਦੀ ਮੁਹਿੰਮ ਸ਼ੁਰੂ ਕੀਤੀ ਜਾਵੇਗੀ ਅਤੇ ਅਪਰਾਧੀਆਂ ‘ਤੇ ਪਰਚਾ ਦਰਜ ਕੀਤਾ ਜਾਵੇਗਾ। ਅੰਮ੍ਰਿਤਸਰ ਦਿਹਾਤੀ ਪੁਲੀਸ ਨੇ 10 ਸਾਲ ਦੇ ਲੜਕੇ ਅਤੇ ਉਸ ਦੇ ਪਿਤਾ ਸਮੇਤ ਚਾਰ ਵਿਅਕਤੀਆਂ ਖ਼ਿਲਾਫ਼ ਬੰਦੂਕ ਸੱਭਿਆਚਾਰ ਨੂੰ ਹੱਲਸ਼ੇਰੀ ਦੇਣ ਦੇ ਦੋਸ਼ ‘ਚ ਕੇਸ ਦਰਜ ਕੀਤਾ ਸੀ ਪਰ ਬਾਅਦ ‘ਚ ਇਸ ਨੂੰ ਰੱਦ ਕਰ ਦਿੱਤਾ ਗਿਆ ਕਿਉਂਕਿ ਇਹ ਖਿਡੌਣਾ ਬੰਦੂਕ ਸੀ।