ਕੈਨੇਡਾ ਅਤੇ ਅਮਰੀਕਾ ‘ਚ ਪੜ੍ਹਾਈ ਲਈ ਜਾਂਦੇ ਭਾਰਤੀ ਵਿਦਿਆਰਥੀਆਂ ਦੇ ਅਕਸਰ ਪਾਣੀ ‘ਚ ਡੁੱਬਣ ਦੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਹਨ। ਚਿਤਾਵਨੀ ਭਰੀਆਂ ਅਪੀਲਾਂ ਕਰਨ ਦੇ ਬਾਵਜੂਦ ਇਹ ਸਿਲਸਿਲਾ ਜਾਰੀ ਹੈ। ਤਾਜ਼ਾ ਘਟਨਾ ‘ਚ ਭਾਰਤੀ ਸੂਬੇ ਤੇਲੰਗਾਨਾ ਦੇ ਦੋ ਵਿਦਿਆਰਥੀਆਂ ਦੇ ਅਮਰੀਕਨ ਸੂਬੇ ਮਿਸੂਰੀ ‘ਚ ਝੀਲ ‘ਚ ਡੁੱਬਣ ਦੀ ਖ਼ਬਰ ਹੈ। ਓਜ਼ਾਰਕ ਝੀਲ ‘ਚ ਡੁੱਬਣ ਨਾਲ ਮੌਤ ਦੇ ਮੂੰਹ ‘ਚ ਜਾ ਪਏ ਇਹ ਦੋਵੇਂ ਵਿਦਿਆਰਥੀ ਮਿਸੂਰੀ ਸੂਬੇ ਦੀ ਸੇਂਟ ਲੁਈਸ ਯੂਨੀਵਰਸਿਟੀ ‘ਚ ਐੱਮ.ਐੱਸ ਕਰ ਰਹੇ ਸਨ। ਇਨ੍ਹਾਂ ‘ਚੋਂ ਇਕ ਵਿਦਿਆਰਥੀ ਦੀ ਪਛਾਣ 24 ਸਾਲਾ ਉਥੇਜ ਕੁੰਤਾ ਅਤੇ ਦੂਜੇ ਦੀ 25 ਸਾਲਾ ਸ਼ਿਵ ਡੀ. ਕੇਲੀਗਾਰੀ ਵਜੋਂ ਹੋਈਹੈ ਜੋ ਓਜ਼ਾਰਕ ਦੀ ਲੇਕ ‘ਚ ਡੁੱਬ ਗਏ। ਜਾਣਕਾਰੀ ਅਨੁਸਾਰ ਇਹ ਘਟਨਾ 26 ਨਵੰਬਰ ਨੂੰ ਦੁਪਹਿਰ 2:30 ਵਜੇ ਦੇ ਕਰੀਬ ਵਾਪਰੀ। ਮਿਸੂਰੀ ਸਟੇਟ ਹਾਈਵੇ ਪੈਟਰੋਲ ਵਾਟਰ ਡਿਵੀਜ਼ਨ ਨੇ ਵਿਦਿਆਰਥੀਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ, ਜੋ ਸੇਂਟ ਲੁਈਸ ਯੂਨੀਵਰਸਿਟੀ ‘ਚ ਆਪਣੇ ਮਾਸਟਰ ਪ੍ਰੋਗਰਾਮ ਕਰ ਰਹੇ ਸਨ। ਦੋਵੇਂ ਦੋਸਤ ਥੈਂਕਸਗਿਵਿੰਗ ਵੀਕੈਂਡ ‘ਤੇ ਤੈਰਾਕੀ ਕਰਨ ਗਏ ਸਨ। ਅਮਰੀਕਨ ਮੀਡੀਆ ਰਿਪੋਰਟਾਂ ਮੁਤਾਬਕ ਉਥੇਜ ਪਾਣੀ ‘ਚ ਸੰਘਰਸ਼ ਕਰਨ ਲੱਗਾ ਅਤੇ ਹੇਠਾਂ ਚਲਾ ਗਿਆ। ਸ਼ਿਵ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਸਫਲ ਨਹੀਂ ਹੋਇਆ। ਘਟਨਾ ਤੋਂ ਕੁਝ ਘੰਟਿਆਂ ਬਾਅਦ ਐੱਮ.ਐੱਸ.ਐੱਚ.ਪੀ. ਅੰਡਰਵਾਟਰ ਰਿਕਵਰੀ ਟੀਮ ਦੁਆਰਾ ਉਥੇਜ ਦੀ ਲਾਸ਼ ਬਰਾਮਦ ਕੀਤੀ ਗਈ ਸੀ, ਜਦੋਂ ਕਿ ਸ਼ਿਵ ਦੀ ਲਾਸ਼ ਗੋਤਾਖੋਰੀ ਟੀਮ ਨੇ ਅਗਲੇ ਦਿਨ ਬਰਾਮਦ ਕੀਤੀ। ਸ਼ਿਵ ਰੰਗਰੇਡੀ ਜ਼ਿਲ੍ਹੇ ਦੇ ਤੰਦੂਰ ਦਾ ਰਹਿਣ ਵਾਲਾ ਸੀ, ਜਦੋਂ ਕਿ ਉਥੇਜ ਹਨਮਕੋਂਡਾ ਦਾ ਰਹਿਣ ਵਾਲਾ ਸੀ। ਇਸ ਦੌਰਾਨ ਤੇਲੰਗਾਨਾ ਦੇ ਮੰਤਰੀ ਕੇ.ਟੀ. ਰਾਮਾ ਰਾਓ ਨੇ ਸੋਮਵਾਰ ਨੂੰ ਟਵੀਟ ਕੀਤਾ ਕਿ ਉਨ੍ਹਾਂ ਨੇ ਆਪਣੇ ਦਫਤਰ ਨੂੰ ਮ੍ਰਿਤਕ ਦੇਹਾਂ ਨੂੰ ਜਲਦੀ ਤੋਂ ਜਲਦੀ ਵਾਪਸ ਲਿਆਉਣ ਲਈ ਪਰਿਵਾਰਾਂ ਦੀ ਮਦਦ ਕਰਨ ਲਈ ਕਿਹਾ ਹੈ।