ਪੰਜ ਹਾਕੀ ਮੈਚਾਂ ਦੀ ਲੜੀ ਦੇ ਦੂਜੇ ਮੈਚ ‘ਚ ਇੰਡੀਆ ਨੂੰ ਲਗਾਦਾਰ ਦੂਜੀ ਵਾਰ ਹਾਰ ਦਾ ਸਾਹਮਣਾ ਕਰਨਾ ਪਿਆ। ਆਸਟਰੇਲੀਆ ਨੇ ਬਲੈਕ ਗੋਵਰਜ਼ ਦੀ ਹੈਟ੍ਰਿਕ ਨਾਲ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦੇ ਹੋਏ ਇੰਡੀਆ ਨੂੰ 7-4 ਨਾਲ ਹਰਾ ਦਿੱਤਾ। ਭਾਰਤੀ ਕਪਤਾਨ ਹਰਮਨਪ੍ਰੀਤ ਸਿੰਘ ਨੇ ਤੀਜੇ ਮਿੰਟ ‘ਚ ਪੈਨਲਟੀ ਨੂੰ ਗੋਲ ‘ਚ ਬਦਲ ਕੇ ਟੀਮ ਨੂੰ ਚੰਗੀ ਸ਼ੁਰੂਆਤ ਦਿਵਾਈ। ਭਾਰਤੀਆਂ ਦੀ ਖੁਸ਼ੀ ਥੋੜ੍ਹੇ ਸਮੇਂ ਲਈ ਰਹੀ ਕਿਉਂਕਿ ਗੋਵਰਸ ਅਤੇ ਜੈਕ ਵੇਲਚ ਨੇ ਆਸਟਰੇਲੀਅਨ ਟੀਮ ਲਈ ਲਗਾਤਾਰ ਗੋਲ ਕਰਨੇ ਸ਼ੁਰੂ ਕਰ ਦਿੱਤੇ। ਗੋਵਰਸ ਨੇ ਸ਼ਨੀਵਾਰ ਨੂੰ ਪਹਿਲੇ ਮੈਚ ‘ਚ ਆਸਟਰੇਲੀਆ ਦੀ 5-4 ਨਾਲ ਜਿੱਤ ‘ਚ ਜੇਤੂ ਗੋਲ ਕੀਤਾ ਅਤੇ ਇਕ ਵਾਰ ਫਿਰ ਤੋਂ ਉਨ੍ਹਾਂ ਨੇ ਭਾਰਤੀਆਂ ਨੂੰ ਨਿਰਾਸ਼ ਕੀਤਾ। ਉਸ ਨੇ 12ਵੇਂ, 27ਵੇਂ ਅਤੇ 53ਵੇਂ ਮਿੰਟ ‘ਚ ਗੋਲ ਕੀਤੇ ਜਦਕਿ ਵੇਲਚ ਨੇ 17ਵੇਂ ਅਤੇ 24ਵੇਂ ਮਿੰਟ ‘ਚ ਗੋਲ ਕਰਕੇ ਭਾਰਤੀਆਂ ਨੂੰ ਮਾਤ ਦਿੱਤੀ। ਆਸਟਰੇਲੀਆ ਲਈ ਜੈਕ ਵੇਟਨ (48ਵਾਂ) ਅਤੇ ਜੈਕਬ ਐਂਡਰਸਨ (49ਵਾਂ) ਗੋਲ ਕਰਨ ਵਾਲੇ ਹੋਰ ਖਿਡਾਰੀ ਰਹੇ। ਇੰਡੀਆ ਖ਼ਿਲਾਫ਼ ਆਸਟਰੇਲੀਆ ਦੀ ਇਹ ਲਗਾਤਾਰ 12ਵੀਂ ਜਿੱਤ ਹੈ। ਇੰਡੀਆ ਵੱਲੋਂ ਹਾਰਦਿਕ ਸਿੰਘ (25ਵੇਂ) ਅਤੇ ਮੁਹੰਮਦ ਰਾਹੀਲ (ਪੈਨਲਟੀ 36ਵੇਂ) ਨੇ ਦੋ ਹੋਰ ਗੋਲ ਕੀਤੇ, ਜਦਕਿ ਹਰਮਨਪ੍ਰੀਤ ਨੇ ਮੈਚ ਦੇ ਆਖਰੀ ਮਿੰਟ (60ਵੇਂ) ‘ਚ ਆਪਣਾ ਦੂਜਾ ਗੋਲ ਕਰਕੇ ਹਾਰ ਦਾ ਫਰਕ ਘੱਟ ਕਰ ਦਿੱਤਾ। ਸੀਰੀਜ਼ ਦਾ ਤੀਜਾ ਮੈਚ ਬੁੱਧਵਾਰ ਨੂੰ ਖੇਡਿਆ ਜਾਵੇਗਾ।