ਫੀਫਾ ਵਰਲਡ ਕੱਪ ਦੇ ਗਰੁੱਪ-ਈ ‘ਚ ਸੋਮਵਾਰ ਨੂੰ ਜਰਮਨੀ ਅਤੇ ਸਪੇਨ ਦਾ ਮੁਕਾਬਲਾ 1-1 ਨਾਲ ਡਰਾਅ ਰਿਹਾ। ਇਸ ਨਾਲ ਸਪੇਨ ਆਪਣੇ ਗਰੁੱਪ ‘ਚ ਇਕ ਜਿੱਤ ਅਤੇ ਇਕ ਡਰਾਅ ਨਾਲ 4 ਅੰਕਾਂ ਨਾਲ ਸੂਚੀ ‘ਚ ਸਿਖਰ ‘ਤੇ ਪਹੁੰਚ ਗਿਆ ਹੈ। ਦੂਜੇ ਪਾਸੇ ਜਰਮਨੀ ਇਕ ਡਰਾਅ ਅਤੇ ਇਕ ਹਾਰ ਨਾਲ ਇਕ ਅੰਕ ਨਾਲ ਗਰੁੱਪ ‘ਚ ਸਭ ਤੋਂ ਹੇਠਲੇ ਸਥਾਨ ‘ਤੇ ਹੈ। ਜਰਮਨੀ ਲਈ ਇਹ ਪਹਿਲਾ ਵਰਲਡ ਕੱਪ ਹੈ ਜਿਸ ‘ਚ ਉਹ ਗਰੁੱਪ ਗੇੜ ਦੇ ਪਹਿਲੇ ਦੋ ਮੈਚਾਂ ਵਿੱਚੋਂ ਕੋਈ ਵੀ ਜਿੱਤਣ ‘ਚ ਕਾਮਯਾਬ ਨਹੀਂ ਹੋ ਸਕਿਆ ਹੈ। ਮੈਚ ਦੇ ਪਹਿਲੇ ਹਾਫ਼ ‘ਚ ਦੋਵੇਂ ਟੀਮਾਂ ਇਕ ਵੀ ਗੋਲ ਨਹੀਂ ਕਰ ਸਕੀਆਂ ਪਰ ਦੂਜੇ ਹਾਫ ‘ਚ ਅਲਵਾਰੋ ਮੋਰਾਟਾ ਨੇ 62ਵੇਂ ਮਿੰਟ ‘ਚ ਮੈਚ ਦਾ ਸ਼ੁਰੂਆਤੀ ਗੋਲ ਕਰਕੇ ਸਪੇਨ ਨੂੰ 1-0 ਦੀ ਬੜ੍ਹਤ ਦਿਵਾਈ। ਗੋਲ ਕਰਨ ਤੋਂ ਬਾਅਦ ਜਰਮਨੀ ਦੀ ਟੀਮ ਥੋੜ੍ਹਾ ਦਬਾਅ ਮਹਿਸੂਸ ਕਰ ਰਹੀ ਸੀ ਕਿਉਂਕਿ ਜੇਕਰ ਟੀਮ ਇਹ ਮੈਚ ਹਾਰ ਜਾਂਦੀ ਹੈ ਤਾਂ ਟੀਮ ਦਾ ਨਾਕਆਊਟ ਪੜਾਅ ਤੱਕ ਪਹੁੰਚਣ ਦਾ ਸੁਪਨਾ ਚਕਨਾਚੂਰ ਹੋ ਜਾਂਦਾ। ਹਾਲਾਂਕਿ ਜਰਮਨੀ ਦੀਆਂ ਉਮੀਦਾਂ ‘ਤੇ ਪਾਣੀ ਫਿਰ ਗਿਆ ਜਦੋਂ ਮੈਚ ਦੇ ਅਖੀਰਲੇ ਪਲਾਂ ‘ਚ ਨਿਕਲਾਸ ਫੁਲਕਰਗ ਨੇ ਗੋਲ ਕੀਤਾ। ਉਸ ਨੇ ਇਹ ਗੋਲ ਮੈਚ ਦੇ 83ਵੇਂ ਮਿੰਟ ‘ਚ ਕੀਤਾ। ਇਸ ਤੋਂ ਬਾਅਦ ਮੈਚ ਦੇ ਆਖਰੀ ਸਮੇਂ ਤੋਂ ਬਾਅਦ ਵਾਧੂ ਇੰਜਰੀ ਟਾਈਮ ‘ਚ ਵੀ ਦੋਵੇਂ ਟੀਮਾਂ ਗੋਲ ਨਹੀਂ ਕਰ ਸਕੀਆਂ। ਇਸ ਦੌਰਾਨ ਜਰਮਨੀ ਨੇ ਮੈਚ ਡਰਾਅ ਕਰਕੇ ਆਪਣੀ ਨਾਕਆਊਟ ਦੀਆਂ ਉਮੀਦਾਂ ਨੂੰ ਬਰਕਰਾਰ ਰੱਖਿਆ। ਜਰਮਨੀ ਆਪਣਾ ਪਹਿਲਾ ਮੈਚ ਜਾਪਾਨ ਤੋਂ 2-1 ਨਾਲ ਹਾਰ ਗਿਆ ਸੀ ਜਦਕਿ ਜਰਮਨੀ ਨੂੰ ਕੋਸਟਾ ਰੀਕਾ ਖ਼ਿਲਾਫ਼ ਆਪਣਾ ਆਖਰੀ ਮੈਚ ਜਿੱਤਣਾ ਜ਼ਰੂਰੀ ਹੋ ਗਿਆ ਹੈ। ਸਪੇਨ ਇਥੇ ਗਰੁੱਪ ਈ ‘ਚ ਸਿਖਰ ‘ਤੇ ਬਰਕਰਾਰ ਹੈ ਜਦਕਿ ਜਾਪਾਨ ਇਕ ਜਿੱਤ ਅਤੇ ਇਕ ਹਾਰ ਨਾਲ ਤਿੰਨ ਅੰਕਾਂ ਨਾਲ ਦੂਜੇ ਸਥਾਨ ‘ਤੇ ਹੈ, ਜਦਕਿ ਕੋਸਟਾ ਰੀਕਾ ਵੀ ਇਕ ਜਿੱਤ ਅਤੇ ਇਕ ਹਾਰ ਨਾਲ ਤਿੰਨ ਅੰਕਾਂ ਨਾਲ ਤੀਜੇ ਸਥਾਨ ‘ਤੇ ਹੈ। ਕੋਸਟਾ ਰੀਕਾ ਚਾਰ ਵਾਰ ਦੇ ਵਿਸ਼ਵ ਕੱਪ ਜੇਤੂ ਜਰਮਨੀ ਦੇ ਖ਼ਿਲਾਫ਼ ਵਾਪਸੀ ਕਰਨ ਦੀ ਕੋਸ਼ਿਸ਼ ਕਰੇਗੀ।