ਗੁਰੂਗ੍ਰਾਮ ਦੇ ਅਧਿਕਾਰੀਆਂ ਨੇ ਸੋਹਨਾ ‘ਚ ਦਮਦਮਾ ਝੀਲ ਨੇੜੇ ਗਾਇਕ ਦਲੇਰ ਮਹਿੰਦੀ ਸਮੇਤ ਤਿੰਨ ਲੋਕਾਂ ਦੇ ਫਾਰਮ ਹਾਊਸ ਨੂੰ ਸੀਲ ਕਰ ਦਿੱਤਾ। ਨਗਰ ਨਿਯੋਜਨ ਸਬੰਧੀ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਜ਼ਿਲ੍ਹਾ ਨਗਰ ਨਿਯੋਜਕ ਅਮਿਤ ਮਧੋਲੀਆ ਨੇ ਕਿਹਾ ਕਿ ਇਹ ਝੀਲ ਦੇ ਜਲ ਗ੍ਰਹਿਣ ਖੇਤਰ ‘ਚ ਬਣੇ ਅਣਅਧਿਕਾਰਤ ਫਾਰਮ ਹਾਊਸ ਸਨ। ਇਨ੍ਹਾਂ ਤਿੰਨਾਂ ਫਾਰਮ ਹਾਊਸ ਨੂੰ ਸੀਲ ਕਰ ਦਿੱਤਾ ਗਿਆ ਹੈ। ਇਨ੍ਹਾਂ ਨੂੰ ਬਿਨਾਂ ਕਿਸੇ ਇਜਾਜ਼ਤ ਦੇ ਅਰਾਵਲੀ ਰੇਂਜ ‘ਚ ਬਣਾਇਆ ਗਿਆ ਸੀ। ਸੋਨਯਾ ਘੋਸ਼ ਬਨਾਮ ਹਰਿਆਣਾ ਸੂਬਾ ਮਾਮਲੇ ‘ਚ ਐੱਨ.ਜੀ.ਟੀ. ਦੇ ਹੁਕਮ ਦੀ ਪਾਲਣਾ ਕਰਦੇ ਹੋਏ ਪੁਲੀਸ ਦੀ ਮਦਦ ਨਾਲ ਤਿੰਨਾਂ ਫਾਰਮ ਹਾਊਸਾਂ ਖਿਲਾਫ਼ ਮੁਹਿੰਮ ਚਲਾਈ ਗਈ। ਸਦਰ ਸੋਹਨਾ ਦੇ ਥਾਣਾ ਇੰਚਾਰਜ ਦੀ ਅਗਵਾਈ ‘ਚ ਪੁਲੀਸ ਦੀ ਇਕ ਟੀਮ ਉਥੇ ਤਾਇਨਾਤ ਕੀਤੀ ਗਈ ਸੀ। ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਨੇ ਨਾਂ ਪ੍ਰਕਾਸ਼ਿਤ ਨਾ ਕਰਨ ਦੀ ਸ਼ਰਤ ‘ਤੇ ਪੁਸ਼ਟੀ ਕੀਤੀ ਕਿ ਤਿੰਨ ਫਾਰਮ ਹਾਊਸਾਂ ‘ਚੋਂ ਇਕ ਗਾਇਕ ਦਲੇਰ ਮਹਿੰਦੀ ਦਾ ਹੈ, ਜੋ ਲਗਭਗ ਡੇਢ ਏਕੜ ‘ਚ ਬਣਿਆ ਹੈ।