ਪੰਜ ਹਾਕੀ ਮੈਚਾਂ ਦੀ ਇੰਡੀਆ ਅਤੇ ਆਸਟਰੇਲੀਆ ਵਿਚਾਲੇ ਖੇਡੀ ਜਾ ਰਹੀ ਸੀਰੀਜ਼ ਦੇ ਤੀਜੇ ਮੈਚ ‘ਚ ਭਾਰਤੀ ਹਾਕੀ ਟੀਮ ਨੇ ਆਸਟਰੇਲੀਆ ਖ਼ਿਲਾਫ਼ 4-3 ਦੀ ਰੋਮਾਂਚਕ ਜਿੱਤ ਹਾਸਲ ਕੀਤੀ ਹੈ। ਇਸ ਤੋਂ ਪਹਿਲਾਂ ਉਸ ਨੂੰ ਲਗਾਤਾਰ ਦੋ ਮੈਚਾਂ ‘ਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਜਿੱਤ ਨਾਲ ਟੀਮ ਇੰਡੀਆ ਨੇ ਸੀਰੀਜ਼ ਜਿੱਤਣ ਦੀ ਉਮੀਦ ਬਰਕਰਾਰ ਰੱਖੀ ਹੈ। ਇੰਡੀਆ ਲਈ ਮਨਪ੍ਰੀਤ ਸਿੰਘ, ਅਭਿਸ਼ੇਕ, ਅਕਾਸ਼ਦੀਪ ਸਿੰਘ ਅਤੇ ਸ਼ਮਸ਼ੇਰ ਸਿੰਘ ਨੇ ਇਕ-ਇਕ ਗੋਲ ਕੀਤਾ। ਜਦਕਿ ਆਸਟਰੇਲੀਆ ਲਈ ਵੇਲਚ ਜੈਕ, ਜੈਲੇਵਸਕੀ ਅਰੋਨ ਅਤੇ ਨਾਥਨ ਨੇ ਇਕ-ਇਕ ਗੋਲ ਕੀਤਾ। ਆਸਟਰੇਲੀਆ ਖ਼ਿਲਾਫ਼ ਤੀਜੇ ਮੈਚ ‘ਚ ਟੀਮ ਇੰਡੀਆ ਨੇ ਸ਼ੁਰੂ ਤੋਂ ਹੀ ਹਮਲਾਵਰ ਖੇਡ ਦਿਖਾਈ। ਇੰਡੀਆ ਨੇ ਪਹਿਲਾ ਗੋਲ 12ਵੇਂ ਮਿੰਟ ‘ਚ ਕੀਤਾ। ਟੀਮ ਇੰਡੀਆ ਦੇ ਮਨਪ੍ਰੀਤ ਸਿੰਘ ਨੇ ਪੈਨਲਟੀ ਕਾਰਨਰ ਰਾਹੀਂ ਗੋਲ ਕੀਤਾ। ਇਸ ਤੋਂ ਬਾਅਦ ਆਸਟਰੇਲੀਆ ਨੇ ਮੈਚ ‘ਚ ਵਾਪਸੀ ਦੀ ਕੋਸ਼ਿਸ਼ ਕੀਤੀ ਅਤੇ ਟੀਮ 25ਵੇਂ ਮਿੰਟ ‘ਚ ਗੋਲ ਕਰਨ ‘ਚ ਕਾਮਯਾਬ ਰਹੀ। ਆਸਟਰੇਲੀਆ ਲਈ ਜੈਕ ਵੇਲਚ ਨੇ ਗੋਲ ਕੀਤਾ। ਇਸ ਤੋਂ ਬਾਅਦ ਆਸਟਰੇਲੀਆ ਨੇ 32ਵੇਂ ਮਿੰਟ ‘ਚ ਫਿਰ ਗੋਲ ਕਰਕੇ 2-1 ਦੀ ਬੜ੍ਹਤ ਬਣਾ ਲਈ। ਇਸ ਤੋਂ ਬਾਅਦ ਮੁਕਾਬਲਾ ਰੋਮਾਂਚਕ ਹੋ ਗਿਆ। ਇੰਡੀਆ ਲਈ ਅਭਿਸ਼ੇਕ ਨੇ 47ਵੇਂ ਮਿੰਟ ‘ਚ ਗੋਲ ਕੀਤਾ। ਇਸ ਤਰ੍ਹਾਂ ਦੋਵੇਂ ਟੀਮਾਂ 2-2 ਦੀ ਬਰਾਬਰੀ ‘ਤੇ ਪਹੁੰਚ ਗਈਆਂ। ਟੀਮ ਇੰਡੀਆ ਲਈ ਦੋਵੇਂ ਹਾਫ ਵਧੀਆ ਰਹੇ। ਇੰਡੀਆ ਲਈ ਸ਼ਮਸ਼ੇਰ ਨੇ 57ਵੇਂ ਮਿੰਟ ‘ਚ ਪੈਨਲਟੀ ਕਾਰਨਰ ਰਾਹੀਂ ਗੋਲ ਕਰਕੇ 3-2 ਦੀ ਬੜ੍ਹਤ ਹਾਸਲ ਕੀਤੀ। ਇਸ ਤੋਂ ਬਾਅਦ ਆਸਟਰੇਲੀਆ ਨੇ ਖੇਡ ‘ਚ ਵਾਪਸੀ ਕਰਦੇ ਹੋਏ ਇਕ ਹੋਰ ਗੋਲ ਕੀਤਾ। ਟੀਮ ਲਈ ਨਾਥਨ ਨੇ 59ਵੇਂ ਮਿੰਟ ‘ਚ ਗੋਲ ਕੀਤਾ ਅਤੇ ਦੋਵੇਂ ਟੀਮਾਂ 3-3 ਦੀ ਬਰਾਬਰੀ ‘ਤੇ ਪਹੁੰਚ ਗਈਆਂ। ਇਸ ਤੋਂ ਠੀਕ ਇਕ ਮਿੰਟ ਬਾਅਦ ਅਕਾਸ਼ਦੀਪ ਸਿੰਘ ਨੇ ਇੰਡੀਆ ਲਈ ਗੋਲ ਕਰ ਦਿੱਤਾ। ਇੰਡੀਆ ਨੇ 60ਵੇਂ ਮਿੰਟ ‘ਚ ਗੋਲ ਕਰ ਕੇ ਅੰਤ ਤੱਕ ਇਸ ਨੂੰ ਬਰਕਰਾਰ ਰੱਖਿਆ। ਇਸ ਤਰ੍ਹਾਂ ਇੰਡੀਆ ਨੇ 4-3 ਨਾਲ ਜਿੱਤ ਦਰਜ ਕੀਤੀ।