ਸਾਊਦੀ ਅਰਬ ਤੋਂ ਨਮੋਸ਼ੀਜਨਕ ਹਾਰ ਮਿਲਣ ਤੋਂ ਬਾਅਦ ਅਰਜਨਟੀਨਾ ਨੇ ਪੋਲੈਂਡ ਨੂੰ 2-0 ਨਾਲ ਹਰਾ ਕੇ ਫੀਫਾ ਵਰਲਡ ਕੱਪ ਦੇ ਅਗਲੇ ਗੇੜ ‘ਚ ਦਾਖਲਾ ਹਾਸਲ ਕਰ ਲਿਆ। ਅਰਜਨਟੀਨਾ ਦੇ ਕਪਤਾਨ ਲਿਓਨਲ ਮੈਸੀ ਨੇ ਪਹਿਲੇ ਅੱਧ ‘ਚ ਪੋਲੈਂਡ ਦੀ ਪੈਨਲਟੀ ਨੂੰ ਗੋਲ ‘ਚ ਨਾ ਬਦਲਣ ਦਿੱਤਾ ਤੇ ਅਰਜਨਟੀਨਾ ਦੇ ਅਲੈਕਸਿਸ ਮੈਕ ਐਲਿਸਟਰ ਅਤੇ ਜੂਲੀਅਨ ਅਲਵਾਰੇਜ਼ ਨੇ ਦੂਜੇ ਅੱਧ ‘ਚ ਦੋ ਗੋਲ ਕਰਕੇ ਅਰਜਨਟੀਨਾ ਨੂੰ ਜਿੱਤ ਦਿਵਾਈ। ਇਸ ਜਿੱਤ ਨਾਲ ਅਰਜਨਟੀਨਾ ਦੀ ਟੀਮ ਆਖਰੀ 16 ‘ਚ ਸ਼ਾਮਲ ਹੋ ਗਈ ਹੈ ਜਿਸ ਦਾ ਅਗਲਾ ਮੁਕਾਬਲਾ ਆਸਟਰੇਲੀਆ ਨਾਲ ਹੋਵੇਗਾ। ਇਸ ਜਿੱਤ ਨਾਲ ਅਰਜਨਟੀਨਾ ਗਰੁੱਪ ਸੀ ‘ਚ ਪਹਿਲੇ ਸਥਾਨ ‘ਤੇ ਆ ਗਿਆ ਹੈ। ਜਿੱਤ ਤੋਂ ਬਾਅਦ ਮੈਸੀ ਨੇ ਕਿਹਾ, ‘ਉਹ ਉਮੀਦ ਕਰਦਾ ਹੈ ਕਿ ਅਸੀਂ ਅੱਜ ਵਾਂਗ ਜੇਤੂ ਮੁਹਿੰਮ ਜਾਰੀ ਰੱਖਾਂਗੇ।’ ਦੱਸਣਾ ਬਣਦਾ ਹੈ ਕਿ ਅਰਜਨਟੀਨਾ ਤੇ ਪੋਲੈਂਡ ਦਾ ਮੈਚ 44 ਹਜ਼ਾਰ ਦਰਸ਼ਕਾਂ ਨੇ ਦੇਖਿਆ ਜਿਸ ‘ਚ ਦਰਸ਼ਕਾਂ ਨੇ ਮੈਸੀ ਦੇ ਪੱਖ ‘ਚ ਨਾਅਰੇ ਵੀ ਲਾਏ। ਦੂਜੇ ਪਾਸੇ ਪੋਲੈਂਡ ਅੱਜ ਦਾ ਮੈਚ ਹਾਰ ਕੇ ਵੀ ਆਖਰੀ 16 ‘ਚ ਸ਼ਾਮਲ ਹੋ ਗਿਆ। ਇਸ ਤੋਂ ਇਲਾਵਾ ਵਰਲਡ ਕੱਪ ‘ਚ ਉਲਟਫੇਰ ਕਰਨ ਵਾਲੀਆਂ ਸਾਊਦੀ ਅਰਬ ਤੇ ਮੈਕਸਿਕੋ ਦੀਆਂ ਟੀਮਾਂ ਵਰਲਡ ਕੱਪ ਤੋਂ ਬਾਹਰ ਹੋ ਗਈਆਂ ਹਨ। ਅਰਜਨਟੀਨਾ ਛੇ ਅੰਕਾਂ ਨਾਲ ਗਰੁੱਪ ਸੀ ‘ਚ ਸਿਖਰ ‘ਤੇ ਹੈ ਜਦਕਿ ਪੋਲੈਂਡ ਚਾਰ ਅੰਕਾਂ ਨਾਲ ਦੂਜੇ ਸਥਾਨ ‘ਤੇ ਹੈ। ਗਰੁੱਪ ਮੁਕਾਬਲੇ ‘ਚ ਮੈਕਸਿਕੋ ਨੇ ਸਾਊਦੀ ਅਰਬ ਨੂੰ ਹਰਾ ਦਿੱਤਾ। ਇਸ ਜਿੱਤ ਨਾਲ ਮੈਕਸਿਕੋ ਦੇ ਚਾਰ ਤੇ ਸਾਊਦੀ ਅਰਬ ਦੇ ਤਿੰਨ ਅੰਕ ਹਨ।