ਭਾਰਤੀ ਮੂਲ ਦੇ ਇੰਗਲੈਂਡ ‘ਚ ਪ੍ਰਧਾਨ ਮੰਤਰੀ ਬਣੇ ਰਿਸ਼ੀ ਸੂਨਕ ਨੇ ਇਕ ਅਹਿਮ ਖੁਲਾਸਾ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਯੂ.ਕੇ. ‘ਚ ਜਵਾਨ ਹੁੰਦਿਆਂ ਉਨ੍ਹਾਂ ਨੂੰ ਨਸਲਵਾਦ ਦਾ ਸਾਹਮਣਾ ਕਰਨਾ ਪਿਆ ਪਰ ਉਸ ਤੋਂ ਬਾਅਦ ਦੇਸ਼ ਇਸ ਮੁੱਦੇ ਦਾ ਸਾਹਮਣਾ ਕਰਨ ‘ਚ ਹੈਰਾਨੀਜਨਕ ਢੰਗ ਨਾਲ ਅੱਗੇ ਵਧਿਆ ਹੈ। ਬਕਿੰਘਮ ਪੈਲੇਸ ‘ਚ ਵਾਪਰੀ ਨਸਲਵਾਦ ਦੀ ਘਟਨਾ ਮਗਰੋਂ ਬਰਤਾਨਵੀ ਆਗੂ ਮੀਡੀਆ ਨਾਲ ਗੱਲ ਕਰ ਰਹੇ ਹਨ। ਰਾਜਕੁਮਾਰ ਵਿਲੀਅਮ ਦੀ ਗਾਡਮਦਰ ਨੇ ਹਾਲ ਹੀ ‘ਚ ਅਸਤੀਫ਼ਾ ਦਿੱਤਾ ਹੈ। ਉਨ੍ਹਾਂ ‘ਤੇ ਦੋਸ਼ ਸੀ ਕਿ ਉਨ੍ਹਾਂ ਸਿਆਹਫਾਮ ਬਰਤਾਨਵੀ ਚੈਰਿਟੀ ਵਰਕਰ ਨੂੰ ਕਈ ਵਾਰ ਪੁੱਛਿਆ ਸੀ ਕਿ ਉਹ ‘ਕਿੱਥੋਂ ਦੀ ਰਹਿਣ ਵਾਲੀ ਹੈ?’ ਸੂਨਕ ਨੂੰ ਜਦ ਇਸ ਵਿਵਾਦ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ, ‘ਮੇਰੇ ਲਈ ਸ਼ਾਹੀ ਮਹਿਲ ਦੇ ਮਾਮਲਿਆਂ ਬਾਰੇ ਕੁਝ ਕਹਿਣਾ ਠੀਕ ਨਹੀਂ ਹੋਵੇਗਾ, ਹਾਲਾਂਕਿ ਜੋ ਹੋਇਆ, ਉਨ੍ਹਾਂ ਨੇ ਉਸ ਬਾਰੇ ਮੰਨ ਲਿਆ ਹੈ ਤੇ ਮੁਆਫ਼ੀ ਵੀ ਮੰਗੀ ਗਈ ਹੈ।’