ਸਾਬਕਾ ਚੈਂਪੀਅਨ ਫਰਾਂਸ ਸੱਤਵੀਂ ਵਾਰ ਫੁਟਬਾਲ ਵਰਲਡ ਕੱਪ ਦੇ ਕੁਆਰਟਰ ਫਾਈਨਲ ‘ਚ ਪਹੁੰਚ ਗਈ ਹੈ। ਇਸੇ ਤਰ੍ਹਾਂ ਆਪਣੇ ਸਟਾਰ ਫੁਟਬਾਲਰ ਮੇਸੀ ਦੇ ਗੋਲ ਦੀ ਬਦੌਲਤ ਅਰਜਨਟੀਨਾ ਨੇ ਵੀ ਕੁਆਰਟਰ ਫਾਈਨਲ ‘ਚ ਪ੍ਰਵੇਸ਼ ਕਰ ਲਿਆ ਹੈ। ਫਰਾਂਰ ਨੇ ਕਾਇਲਿਅਆਨ ਐਮਬਾਪੇ ਦੇ ਦੋ ਗੋਲ ਤੇ ਓਲੀਵਰ ਗਿਰੋਡ ਦੇ ਇਕ ਗੋਲ ਦੀ ਮਦਦ ਨਾਲ ਫੀਫਾ ਵਰਲਡ ਕੱਪ ਦੇ ਰਾਊਂਡ ਆਫ-16 ‘ਚ ਪੋਲੈਂਡ ਨੂੰ 3-1 ਨਾਲ ਹਰਾ ਕੇ ਕੁਆਰਟਰ ਫਾਈਨਲ ‘ਚ ਪ੍ਰਵੇਸ਼ ਕੀਤਾ। ਗਿਰੋਡ ਨੇ 44ਵੇਂ ਅਤੇ ਐਮਬਾਪੇ ਨੇ 74ਵੇਂ ਤੇ 90+1ਵੇਂ ਮਿੰਟ ‘ਚ ਗੋਲ ਕੀਤਾ। ਪੋਲੈਂਡ ਲਈ ਇਕਲੌਤਾ ਗੋਲ ਉਸਦੇ ਚਮਤਕਾਰੀ ਸਟ੍ਰਾਈਕਰ ਰਾਬਰਟੋ ਲੇਵਾਂਡੋਵਸਕੀ (90+9ਵੇਂ ਮਿੰਟ) ਨੇ ਪੈਨਲਟੀ ‘ਤੇ ਕੀਤਾ। ਪਹਿਲੇ ਹਾਫ ਤੋਂ ਤੁਰੰਤ ਪਹਿਲਾਂ ਸਟਾਰ ਫਾਰਵਰਡ ਓਲੀਵਰ ਗਿਰੋਡ 44ਵੇਂ ਮਿੰਟ ‘ਚ ਗੋਲ ਕਰਕੇ ਫਰਾਂਸ ਲਈ ਸਭ ਤੋਂ ਵੱਧ ਗੋਲ ਕਰਨ ਵਾਲਾ ਫੁੱਟਬਾਲ ਬਣ ਗਿਆ ਤੇ ਉਸ ਨੇ ਥਇਏਰੀ ਆਨਰੀ (123 ਮੈਚਾਂ ਵਿਚ 51 ਗੋਲ) ਨੂੰ ਪਛਾੜ ਦਿੱਤਾ। 36 ਸਾਲਾ ਗਿਰੋਡ ਦੇ 117 ਮੈਚਾਂ ‘ਚ 52 ਗੋਲ ਹੋ ਗਏ ਹਨ। ਗਰੁੱਪ-ਡੀ ਦੇ ਸ਼ੁਰੂਆਤੀ ਮੈਚ ‘ਚ ਆਸਟਰੇਲੀਆ ਵਿਰੁੱਧ 4-1 ਦੀ ਜਿੱਤ ‘ਚ ਉਹ ਆਨਰੀ ਦੀ ਬਰਾਬਰੀ ‘ਤੇ ਆ ਗਿਆ ਸੀ। ਐਮਬਾਪੇ ਨੇ ਬਾਕਸ ਦੇ ਅੰਦਰ ਗਿਰੋਡ ਨੂੰ ਬਾਲ ਦਿੱਤੀ ਜਿਸ ਨੇ ਖੱਬੇ ਪੈਰ ਨਾਲ ਸ਼ਾਨਦਾਰ ਸ਼ਾਟ ਲਾ ਕੇ ਰਿਕਾਰਡ ਗੋਲ ਕੀਤਾ ਤੇ ਫਰਾਂਸ ਨੂੰ 1-0 ਨਾਲ ਅੱਗੇ ਕਰ ਦਿੱਤਾ। ਮੈਚ ਦੌਰਾਨ ਪੋਲੈਂਡ ਨੇ ਕਈ ਮੌਕੇ ਬਣਾਏ ਪਰ ਟੀਮ ਬਦਕਿਮਸਤ ਰਹੀ ਤੇ ਕਾਮਯਾਬ ਨਹੀਂ ਰਹੇ। ਗਰੁੱਪ-ਡੀ ‘ਚ ਚੋਟੀ ‘ਤੇ ਰਹੀ ਫਰਾਂਸ ਨੇ ਮੈਚ ਦੇ 15 ਮਿੰਟ ‘ਚ ਦਬਦਬਾ ਬਣਾਈ ਰੱਖਿਆ ਜਿਸ ‘ਚ ਗੋਲ ਕਰਨ ਦੀਆਂ ਤਿੰਨ ਚੰਗੀਆਂ ਕੋਸ਼ਿਸ਼ਾਂ ਹੋਈਆਂ, ਜਿਨ੍ਹਾਂ ‘ਚੋਂ ਇਕ ‘ਚ ਓਰੇਲੀਅਨ ਚੋਓਮੇਨੀ ਨੇ 13ਵੇਂ ਮਿੰਟ ‘ਚ ਗੋਲਾਂ ਵੱਲ ਸ਼ਾਟ ਮਾਰੀ ਪਰ ਇਸਦਾ ਪੋਲੈਂਡ ਦੇ ਗੋਲਕੀਪਰ ਵੋਜਸ਼ਇਏਕ ਸ਼ਜੇਸ਼ੀ ਨੇ ਡਾਈਵ ਲਾਉਂਦੇ ਹੋਏ ਚੰਗਾ ਬਚਾਅ ਕਤਾ। ਪੋਲੈਂਡ ਦੇ ਧਾਕੜ ਖਿਡਾਰੀ ਤੇ ਸਰਵਸ੍ਰੇਸ਼ਠ ਸਟ੍ਰਾਈਕਰਾਂ ਵਿੱਚੋਂ ਇਕ ਲੇਵਾਂਡੋਵਾਸਕੀ ਨੇ ਫਰਾਂਸ ਦੇ ਹਾਫ ‘ਚ ਵੜਨ ਲਈ ਕਈ ਕੋਸ਼ਿਸ਼ ਕੀਤੀਆਂ। ਫਰਾਂਸ ਨੂੰ 27ਵੇਂ ਮਿੰਟ ‘ਚ ਵਧੀਆ ਮੌਕਾ ਮਿਲਿਆ ਜਦੋਂ ਬਾਰਸੀਲੋਨਾ ਦੇ ਵਿੰਗਰ ਓਰਮਾਨੇ ਡੇਮਬਲੇ ਨੇ ਗਿਰੋਡ ਨੂੰ ਪਾਸ ਦਿੱਤਾ ਪਰ ਉਹ ਇਸ ਨੂੰ ਨੈੱਟ ‘ਚ ਨਹੀਂ ਪਹੁੰਚਾ ਸਕਿਆ। ਪੋਲੈਂਡ ਦੀ ਟੀਮ 36 ਸਾਲਾਂ ‘ਚ ਪਹਿਲੀ ਵਾਰ ਨਾਕਆਊਟ ਗੇੜ ‘ਚ ਪਹੁੰਚੀ ਸੀ। ਉਸ ਦੇ ਲਈ ਇਕਲੌਤਾ ਗੋਲ 99ਵੇਂ ਮਿੰਟ ਵਿੱਚ ‘ਹੈਂਡਬਾਲ’ ਉਲੰਘਣਾ ਨਾਲ ਹੋਈ ਪੈਨਲਟੀ ‘ਤੇ ਹੋਇਆ। ਮੈਚ ਦੌਰਾਨ ਰੈਫਰੀ ਨੇ ਜੂਲਸ ਕੋਂਡੇ ਦੀ ਸੋਨੇ ਦੀ ਚੇਨ ਵੀ ਉਤਰਵਾ ਦਿੱਤੀ ਜਿਹੜਾ ਇਸ ਨੂੰ ਪਹਿਨ ਕੇ ਖੇਡ ਰਿਹਾ ਸੀ, ਜਿਹੜਾ ਨਿਯਮਾਂ ਦੀ ਉਲੰਘਣਾ ਹੈ। ਓਧਰ ਲਿਓਨਿਲ ਮੇਸੀ ਦੇ ਗੋਲ ਦੀ ਬਦੌਲਤ ਅਰਜਨਟੀਨਾ ਨੇ ਆਸਟਰੇਲੀਆ ਨੂੰ 2-1 ਨਾਲ ਹਰਾ ਕੇ ਫੀਫਾ ਵਰਲਡ ਕੱਪ ਦੇ ਕੁਆਰਟਰ ਫਾਈਨਲ ‘ਚ ਪ੍ਰਵੇਸ਼ ਕਰ ਲਿਆ। ਮੇਸੀ ਨੇ ਆਪਣੇ ਕਰੀਅਰ ਦੇ 1000ਵੇਂ ਮੈਚ ‘ਚ ਵਰਲਡ ਕੱਪ ਦੇ ਨਾਕਆਊਟ ਪੜਾਅ ਦਾ ਪਹਿਲਾ ਗੋਲ ਕੀਤਾ। ਅਰਜਨਟੀਨਾ ਦੀ ਆਸਟਰੇਲੀਆ ਵਿਰੁੱਧ ਜਿੱਤ ਦੀ ਰਾਹ ਓਨੀ ਸੁਖਾਲੀ ਨਹੀਂ ਰਹੀ ਜਿੰਨੀ ਕਿ ਕਈਆਂ ਨੇ ਉਮੀਦ ਕੀਤੀ ਸੀ। ਗੋਲਕੀਪਰ ਐਮੀ ਮਾਰਟੀਨੇਜ਼ ਨੇ ਮੈਚ ਦੇ ਆਖ਼ਰੀ ਸੈਕਿੰਡਾਂ ‘ਚ ਸ਼ਾਨਦਾਰ ਬਚਾਅ ਕਰਦੇ ਹੋਏ ਮੈਚ ਨੂੰ ਵਾਧੂ ਸਮੇਂ ‘ਚ ਜਾਣ ਤੋਂ ਰੋਕਦੇ ਹੋਏ ਅਰਜਨਟੀਨਾ ਦੀ ਜਿੱਤ ‘ਚ ਅਹਿਮ ਭੂਮਿਕਾ ਨਿਭਾਈ। ਮੇਸੀ ਨੇ 35ਵੇਂ ਮਿੰਟ ‘ਚ ਅਰਜਨਟੀਨਾ ਨੂੰ ਅੱਗੇ ਕਰ ਦਿੱਤਾ ਤੇ ਜੂਲੀਅਨ ਅਲਵਾਰੇਜ਼ ਨੇ 57ਵੇਂ ਮਿੰਟ ‘ਚ ਗੋਲ ਕਰਕੇ ਟੀਮ ਨੂੰ 2-0 ਕਰ ਦਿੱਤਾ। ਮੈਚ ਦੇ 77ਵੇਂ ਮਿੰਟ ‘ਚ ਜਦੋਂ ਐਂਜੋ ਫਰਨਾਂਡੀਜ਼ ਨੇ ਆਤਮਘਾਤੀ ਗੋਲ ਕੀਤਾ ਤਾਂ ਆਸਟਰੇਲੀਆ ਦੀ ਵਾਪਸੀ ਦੀਆਂ ਉਮੀਦ ਜਾਗੀ। ਅਰਜਨਟੀਨਾ ਦਾ ਸਾਹਮਣਾ ਹੁਣ ਕੁਆਰਟਰ ਫਾਈਨਲ ‘ਚ ਨੀਦਰਲੈਂਡ ਨਾਲ ਹੋਵੇਗਾ।