ਲੁਧਿਆਣਾ ਜ਼ਿਲ੍ਹੇ ਦੇ ਰਾਏਕੋਟ ਨੇੜਲੇ ਪਿੰਡ ਨੂਰਪੁਰਾ ਦੀ ਇਕ ਮਸਜਿਦ ‘ਚ 75 ਸਾਲਾਂ ਬਾਅਦ ਅਜ਼ਾਨ ਅਤੇ ਨਮਾਜ਼ ਅਦਾ ਕੀਤੀ ਗਈ। ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਦੀ ਸ਼ਹਾਦਤ ਦਾ ਪੈਗ਼ਾਮ ਗੁਰੂ ਗੋਬਿੰਦ ਸਿੰਘ ਤੱਕ ਪਹੁੰਚਾਉਣ ਵਾਲੇ ਭਾਈ ਨੂਰਾਮਾਹੀ ਦੇ ਪਰਿਵਾਰ ਵੱਲੋਂ ਇਹ ਮਸਜਿਦ ਬਣਾਈ ਗਈ ਸੀ। ਪੌਣੀ ਸਦੀ ਬਾਅਦ ਇਥੇ ਨਮਜ਼ਾ ਅਦਾ ਕਰਨ ਕਰਕੇ ਇਲਾਕੇ ਦੇ ਮੁਸਲਿਮ ਭਾਈਚਾਰੇ ‘ਚ ਖੁਸ਼ੀ ਦਾ ਮਾਹੌਲ ਹੈ। ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਲੁਧਿਆਣਵੀ ਨੇ ਨਮਾਜ਼ ‘ਚ ਵਿਸ਼ੇਸ਼ ਤੌਰ ‘ਤੇ ਸ਼ਮੂਲੀਅਤ ਕੀਤੀ। ਜਾਮਾ-ਮਸਜਿਦ ਦੀ ਪ੍ਰਬੰਧਕੀ ਕਮੇਟੀ ਦੇ ਮੁਖੀ ਮੌਲਵੀ ਫ਼ੁਰਕਾਨ ਅਹਿਮਦ ਨੇ ਦੱਸਿਆ ਕਿ ਦੇਸ਼ ਦੀ ਆਜ਼ਾਦੀ ਮੌਕੇ ਇਹ ਮਸਜਿਦ ਬੇਅਬਾਦ ਹੋ ਗਈ ਸੀ ਜਿਸ ਨੂੰ ਅੱਜ ਸਾਢੇ ਸੱਤ ਦਹਾਕਿਆਂ ਬਾਅਦ ਪਿੰਡ ਨੂਰਪੁਰਾ ਦੇ ਸਿੱਖ ਭਾਈਚਾਰੇ ਦੀ ਮਦਦ ਨਾਲ ਆਬਾਦ ਕੀਤਾ ਗਿਆ ਹੈ। ਪਿੰਡ ਨੂਰਪੁਰਾ ਵਾਸੀ 82 ਸਾਲਾ ਚਰਨ ਸਿੰਘ ਕਲਸੀ, ਗਿਆਨੀ ਰਵਿੰਦਰ ਸਿੰਘ ਨੂਰਪੁਰਾ, ਦਰਸ਼ਨ ਸਿੰਘ ਅਤੇ ਬੇਅੰਤ ਸਿੰਘ ਸਮੇਤ ਵੱਡੀ ਗਿਣਤੀ ਪਿੰਡ ਵਾਸੀ ਮੁਸਲਮਾਨ ਭਾਈਚਾਰੇ ਦੀ ਖ਼ੁਸ਼ੀ ‘ਚ ਸ਼ਾਮਲ ਹੋਣ ਲਈ ਪਹੁੰਚੇ ਤੇ ਸ਼ਾਹੀ ਇਮਾਮ ਦਾ ਭਰਵਾਂ ਸਵਾਗਤ ਕੀਤਾ। ਬਜ਼ੁਰਗ ਚਰਨ ਸਿੰਘ ਕਲਸੀ ਨੇ ਦੱਸਿਆ ਕਿ 1947 ‘ਚ ਮੁਸਲਿਮ ਭਾਈਚਾਰੇ ਦੇ ਚਲੇ ਜਾਣ ਮਗਰੋਂ ਇਹ ਮਸਜਿਦ ਬੇਅਬਾਦ ਹੋ ਗਈ ਸੀ, ਜਿਸ ਮਗਰੋਂ 1955 ‘ਚ ਇਥੇ ਸਰਕਾਰੀ ਪ੍ਰਾਇਮਰੀ ਸਕੂਲ ਖੋਲ੍ਹ ਦਿੱਤਾ ਗਿਆ। ਉਨ੍ਹਾਂ ਖ਼ੁਦ ਵੀ ਇਸ ਸਕੂਲ ‘ਚ ਇਕ ਸਾਲ ਪੜ੍ਹਾਈ ਕੀਤੀ ਸੀ। ਆਜ਼ਾਦੀ ਤੋਂ ਪਹਿਲਾਂ ਪਿੰਡ ਨੂਰਪੁਰਾ ਤੇ ਆਲੇ-ਦੁਆਲੇ ਦੇ ਦਰਜਨਾਂ ਪਿੰਡਾਂ ‘ਚ ਮੁਸਲਿਮ ਭਾਈਚਾਰੇ ਦੀ ਵੱਡੀ ਆਬਾਦੀ ਰਹਿੰਦੀ ਸੀ, ਪਰ ਹੁਣ ਇਥੇ ਦਰਜਨ ਦੇ ਕਰੀਬ ਮੁਸਲਿਮ ਪਰਿਵਾਰ ਕਸ਼ਮੀਰ ਅਤੇ ਪੱਛਮੀ ਉੱਤਰ ਪ੍ਰਦੇਸ਼ ਤੋਂ ਆ ਕੇ ਵੱਸ ਰਹੇ ਹਨ। ਇਲਾਕੇ ਦੇ ਵੱਡੀ ਗਿਣਤੀ ਮੁਸਲਮਾਨ ਭਾਈਚਾਰੇ ਦੇ ਲੋਕ ਬੱਚਿਆਂ ਸਮੇਤ ਨਮਾਜ਼ ਅਦਾ ਕਰਨ ਲਈ ਪਹੁੰਚੇ। ਪ੍ਰਬੰਧਕੀ ਕਮੇਟੀ ਨੇ ਬੱਸੀਆਂ ਵਾਸੀ ਮੁਹੰਮਦ ਅਨਵਰ ਨੂੰ ਮਸਜਿਦ ਦਾ ਇਮਾਮ ਨਿਯੁਕਤ ਕੀਤਾ ਹੈ। ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਲੁਧਿਆਣਵੀ ਨੇ ਇਸ ਮੌਕੇ ਕਿਹਾ ਕਿ ਮਾਲਵੇ ਦੇ ਮੁਸਲਿਮ ਆਬਾਦੀ ਵਾਲੇ ਪਿੰਡਾਂ ਦੀ ਨਿਸ਼ਾਨਦੇਹੀ ਕਰ ਕੇ ਮਸਜਿਦਾਂ ਨੂੰ ਆਬਾਦ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਹੁਣ ਇਸ ਪੁਰਾਤਨ ਮਸਜਿਦ ‘ਚ ਰੌਣਕਾਂ ਪਰਤ ਆਈਆਂ ਹਨ ਅਤੇ ਹੁਣ ਇਥੇ ਹਰ ਸ਼ੁੱਕਰਵਾਰ ਜੁਮੇ ਦੀ ਨਮਾਜ਼ ਅਦਾ ਕੀਤੀ ਜਾਵੇਗੀ।