ਗੁਰਦਾਸਪੁਰ ਤੋਂ ਕਾਂਗਰਸੀ ਵਿਧਾਇਕ ਅਤੇ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਬਰਿੰਦਰਮੀਤ ਸਿੰਘ ਪਾਹੜਾ ਅੱਜ ਵਿਜੀਲੈਂਸ ਵੱਲੋਂ ਪੁੱਛਗਿੱਛ ਲਈ ਬੁਲਾਏ ਜਾਣ ਮਗਰੋਂ ਆਪਣਾ ਪੱਖ ਰੱਖਣ ਲਈ ਵਿਜੀਲੈਂਸ ਦਫ਼ਤਰ ਗੁਰਦਾਸਪੁਰ ਪਹੁੰਚੇ। ਵਿਧਾਇਕ ਦੇ ਨਾਲ ਉਨ੍ਹਾਂ ਦੇ ਪਿਤਾ ਗੁਰਮੀਤ ਸਿੰਘ ਪਾਹੜਾ, ਭਰਾ ਬਲਜੀਤ ਸਿੰਘ ਪਾਹੜਾ ਅਤੇ ਇਕ ਨਜ਼ਦੀਕੀ ਰਿਸ਼ਤੇਦਾਰ ਕੌਂਸਲਰ ਜਗਜੀਤ ਸਿੰਘ ਜੱਗੀ ਵੀ ਮੌਜੂਦ ਸਨ। ਦੁਪਹਿਰ ਤੱਕ ਇਨ੍ਹਾਂ ਸਾਰਿਆਂ ਕੋਲੋਂ ਪੁੱਛਗਿੱਛ ਕੀਤੀ ਗਈ। ਵਿਜੀਲੈਂਸ ਅਧਿਕਾਰੀਆਂ ਵੱਲੋਂ ਫ਼ਿਲਹਾਲ ਇਸ ਸਬੰਧੀ ਕਿਸੇ ਤਰ੍ਹਾਂ ਦੀ ਜਾਣਕਾਰੀ ਨਹੀਂ ਦਿੱਤੀ ਜਾ ਰਹੀ। ਦੱਸਣਯੋਗ ਹੈ ਕਿ ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਤੋਂ ਹੀ ਵਿਧਾਇਕ ਪਾਹੜਾ ਖ਼ਿਲਾਫ਼ ਆਮਦਨ ਤੋਂ ਵੱਧ ਜਾਇਦਾਦ ਦੇ ਸਰੋਤਾਂ ਸਬੰਧੀ ਵਿਜੀਲੈਂਸ ਦੀ ਕਾਰਵਾਈ ਦੀ ਚਰਚਾ ਛਿੜੀ ਸੀ। ਬੀਤੀ 3 ਅਕਤੂਬਰ ਨੂੰ ਵਿਜੀਲੈਂਸ ਦੇ ਸਥਾਨਕ ਡੀ.ਐੱਸ.ਪੀ. ਵੱਲੋਂ ਲੀਡ ਬੈਂਕ ਦੇ ਨਾਮ ਲਿਖਿਆ ਗਿਆ ਇਕ ਪੱਤਰ ਵੀ ਕਿਸੇ ਬੈਂਕ ਕਰਮਚਾਰੀ ਵੱਲੋਂ ਲੀਕ ਕਰ ਦਿੱਤਾ ਗਿਆ। ਇਸ ਪੱਤਰ ‘ਚ ਵਿਜੀਲੈਂਸ ਵੱਲੋਂ ਵੱਖ-ਵੱਖ ਬੈਂਕਾਂ ਪਾਸੋਂ ਵਿਧਾਇਕ ਪਾਹੜਾ, ਉਨ੍ਹਾਂ ਦੇ ਪਿਤਾ, ਪਤਨੀ ਸਮੇਤ ਕੁਲ ਛੇ ਪਰਿਵਾਰਿਕ ਮੈਂਬਰਾਂ ਸਮੇਤ ਦੋ ਨਜ਼ਦੀਕੀਆਂ ਦੇ ਬੈਂਕ ਖਾਤਿਆਂ ਅਤੇ ਲੋਨ ਖਾਤਿਆਂ ਦਾ ਰਿਕਾਰਡ ਮੰਗਿਆ ਗਿਆ ਸੀ। ਇਸ ਦੇ ਦੋ ਮਹੀਨੇ ਬਾਅਦ ਵਿਧਾਇਕ ਪਾਹੜਾ ਨੂੰ ਵਿਜੀਲੈਂਸ ਵੱਲੋਂ ਬੁਲਾਏ ਜਾਣ ਦੀ ਖ਼ਬਰ ਸਾਹਮਣੇ ਆਈ, ਜਿਸ ਬਾਰੇ ਵਿਜੀਲੈਂਸ ਅਧਿਕਾਰੀ ਜ਼ਿਆਦਾ ਜਾਣਕਾਰੀ ਦੇਣ ਤੋਂ ਸਾਫ਼ ਇਨਕਾਰ ਕਰਦੇ ਆ ਰਹੇ ਹਨ। ਵਿਜੀਲੈਂਸ ਵੱਲੋਂ ਸਿਰਫ਼ ਇਹੀ ਪੁਸ਼ਟੀ ਕੀਤੀ ਗਈ ਸੀ ਕਿ ਵਿਧਾਇਕ ਪਾਹੜਾ ਨੂੰ ਪੁੱਛਗਿੱਛ ਲਈ ਦਫ਼ਤਰ ਬੁਲਾਇਆ ਗਿਆ ਹੈ। ਅੱਜ ਮੰਗਲਵਾਰ ਸਵੇਰੇ 10 ਵਜੇ ਦੇ ਕਰੀਬ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਵਿਜੀਲੈਂਸ ਦਫ਼ਤਰ ਗੁਰਦਾਸਪੁਰ ਪਹੁੰਚੇ ਜਿੱਥੇ ਡੀ.ਐੱਸ.ਪੀ. ਵਿਜੀਲੈਂਸ ਨਿਰਮਲ ਸਿੰਘ ਦੀ ਅਗਵਾਈ ਹੇਠ ਉਨ੍ਹਾਂ ਤੋਂ ਪੁੱਛਗਿੱਛ ਹੋਈ।