ਸਮਾਜਵਾਦੀ ਪਾਰਟੀ ਦੀ ਉਮੀਦਵਾਰ ਡਿੰਪਲ ਯਾਦਵ ਮੈਨਪੁਰੀ ਲੋਕ ਸਭਾ ਹਲਕੇ ਲਈ ਹੋਈ ਜ਼ਿਮਨੀ ਚੋਣ ‘ਚ ਆਪਣੇ ਨੇੜਲੇ ਵਿਰੋਧੀ ਭਾਜਪਾ ਦੇ ਰਘੂਰਾਜ ਸਿੰਘ ਸ਼ਾਕਿਆ ਨੂੰ 2,88,461 ਵੋਟਾਂ ਦੇ ਫਰਕ ਨਾਲ ਹਰਾ ਕੇ ਚੋਣ ਜਿੱਤ ਗਈ ਹੈ। ਉੱਤਰ ਪ੍ਰਦੇਸ਼ ਦੀਆਂ ਦੋ ਵਿਧਾਨ ਸਭਾ ਸੀਟਾਂ ਲਈ ਹੋਈਆਂ ਜ਼ਿਮਨੀ ਚੋਣਾਂ ‘ਚ ਖਤੌਲੀ ਵਿਧਾਨ ਸਭਾ ਹਲਕੇ ਤੋਂ ਸਮਾਜਵਾਦੀ ਪਾਰਟੀ ਦੀ ਭਾਈਵਾਲ ਪਾਰਟੀ ਰਾਸ਼ਟਰੀ ਲੋਕ ਦਲ ਦੇ ਮਦਨ ਭਈਆ ਨੇ ਭਾਜਪਾ ਦੀ ਰਾਜਕੁਮਾਰੀ ਸੈਣੀ ਨੂੰ 22,000 ਤੋਂ ਵੱਧ ਵੋਟਾਂ ਨਾਲ ਹਰਾਇਆ। ਇਸੇ ਤਰ੍ਹਾਂ ਰਾਮਪੁਰ ਸਦਰ ਵਿਧਾਨ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਆਕਾਸ਼ ਸਕਸੈਨਾ ਨੇ ਸਮਾਜਵਾਦੀ ਪਾਰਟੀ ਦੇ ਆਸਿਮ ਰਾਜਾ ਨੂੰ 33,702 ਵੋਟਾਂ ਦੇ ਫਰਕ ਨਾਲ ਹਰਾਇਆ। ਭਾਜਪਾ ਨੇ ਪਹਿਲੀ ਵਾਰ ਇਹ ਸੀਟ ਜਿੱਤੀ ਹੈ। ਇਸੇ ਦੌਰਾਨ ਬਿਹਾਰ ‘ਚ ਭਾਜਪਾ ਨੇ ਕੁੜ੍ਹਨੀ ਵਿਧਾਨ ਸਭਾ ਸੀਟ ਜਿੱਤੀ। ਭਾਜਪਾ ਦੇ ਕੇਦਾਰ ਪ੍ਰਸਾਦ ਗੁਪਤਾ ਨੇ ਗਿਣਤੀ ਦੇ 23 ਗੇੜਾਂ ਤੋਂ ਬਾਅਦ ਜਨਤਾ ਦਲ (ਯੂਨਾਈਟਿਡ) ਦੇ ਉਮੀਦਵਾਰ ਮਨੋਜ ਕੁਸ਼ਵਾਹਾ ਨੂੰ 3,645 ਵੋਟਾਂ ਦੇ ਫਰਕ ਨਾਲ ਹਰਾਇਆ। ਕਾਂਗਰਸ ਦੇ ਅਨਿਲ ਸ਼ਰਮਾ ਨੇ ਰਾਜਸਥਾਨ ਦੀ ਸਰਦਾਰਸ਼ਹਿਰ ਅਸੈਂਬਲੀ ਸੀਟ ਤੋਂ ਜ਼ਿਮਨੀ ਚੋਣ ਜਿੱਤ ਲਈ ਹੈ। ਉਨ੍ਹਾਂ ਭਾਜਪਾ ਦੇ ਅਸ਼ੋਕ ਕੁਮਾਰ ਪਿੰਚਾ ਨੂੰ 26,580 ਵੋਟਾਂ ਦੇ ਫ਼ਰਕ ਨਾਲ ਸ਼ਿਕਸਤ ਦਿੱਤੀ। ਇਸੇ ਤਰ੍ਹਾਂ ਛੱਤੀਸਗੜ੍ਹ ‘ਚ ਵੀ ਸੱਤਾਧਾਰੀ ਕਾਂਗਰਸ ਨੇ ਭਾਨੂਪ੍ਰਤਾਪਪੁਰ ਵਿਧਾਨ ਸਭਾ ਹਲਕੇ ‘ਤੇ ਕਬਜ਼ਾ ਬਰਕਰਾਰ ਰੱਖਿਆ ਹੈ। 2018 ਅਸੈਂਬਲੀ ਚੋਣਾਂ ਮਗਰੋਂ ਭਾਜਪਾ ਦੀ ਸੂਬੇ ‘ਚ ਸੱਤਾਧਾਰੀ ਕਾਂਗਰਸ ਹੱਥੋਂ ਇਹ ਉਪਰੋਥਲੀ ਪੰਜਵੀਂ ਹਾਰ ਹੈ। ਕਾਂਗਰਸ ਉਮੀਵਦਾਰ ਸਾਵਿੱਤਰੀ ਮੰਡਾਵੀ ਨੇ ਭਾਜਪਾ ਦੇ ਬ੍ਰਹਮਾਨੰਦ ਨੇਤਾਮ ਨੂੰ 27,171 ਵੋਟਾਂ ਦੇ ਫ਼ਰਕ ਨਾਲ ਹਰਾਇਆ। ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਵੀਰਭੱਦਰ ਸਿੰਘ ਦੇ ਪੁੱਤਰ ਅਤੇ ਸ਼ਿਮਲਾ (ਦਿਹਾਤੀ) ਤੋਂ ਮੌਜੂਦਾ ਕਾਂਗਰਸੀ ਵਿਧਾਇਕ ਵਿਕਰਮਾਦਿੱਤਿਆ ਸਿੰਘ ਨੇ ਆਪਣੇ ਨੇੜਲੇ ਵਿਰੋਧੀ ਭਾਜਪਾ ਦੇ ਰਵੀ ਕੁਮਾਰ ਮਹਿਤਾ ਨੂੰ 13,860 ਨਾਲ ਹਰਾ ਕੇ ਆਪਣੀ ਸੀਟ ਬਰਕਰਾਰ ਰੱਖੀ ਹੈ। ਇਸ ਸੀਟ ਤੋਂ ਛੇ ਉਮੀਦਵਾਰ ਚੋਣ ਮੈਦਾਨ ‘ਚ ਸਨ। ਮੀਡੀਆ ਨਾਲ ਗੱਲਬਾਤ ਦੌਰਾਨ ਵਿਕਰਮਾਦਿੱਤਿਆ ਸਿੰਘ ਨੇ ਕਿਹਾ ਕਿ ਕਾਂਗਰਸ ਨੇ ਸਰਕਾਰ ਬਣਾਉਣ ਦੀਆਂ ਤਿਆਰੀਆਂ ਕਰ ਲਈਆਂ ਹਨ ਅਤੇ ਨਵੀਂ ਸਰਕਾਰ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕਰੇਗੀ।